
ਦੇਸ਼ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਦੀ ਪਹਿਲ, 211 ਬੱਚਿਆਂ ਨੂੰ ਦਿੱਤੀ ਜਾਵੇਗੀ ਵੋਕੇਸ਼ਨਲ ਟ੍ਰੇਨਿੰਗ: ਡਾ. ਬਲਜੀਤ ਕੌਰ
ਚੰਡੀਗੜ੍ਹ, 24 ਜੂਨ (ਹਿੰ.ਸ.)| ਲੋੜਵੰਦ ਅਤੇ ਸੰਸਥਾਗਤ ਦੇਖਭਾਲ ਅਧੀਨ ਰਹਿ ਰਹੇ ਬੱਚਿਆਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਲਈ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਆਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ਵਿੱਚ ਰਹਿ ਰਹੇ ਬੱਚਿਆਂ ਲਈ ਵਿਵਸਥਿਤ ‘ਹੁਨਰ ਵਿਕਾਸ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਫਰੀਦਕੋਟ ਸਥਿਤ ਆਬਜ਼ਰਵੇਸ਼ਨ ਹੋਮ ਫਾਰ ਬੁਆਇਜ਼ ਵਿੱਚ ਕੀਤਾ ਗਿਆ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਸੰਸਥਾਵਾਂ ਵਿੱਚ ਰਹਿ ਰਹੇ ਬੱਚਿਆਂ ਨੂੰ ਆਤਮਨਿਰਭਰ ਅਤੇ ਸਨਮਾਨਜਨਕ ਜੀਵਨ ਜਿਊਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਦਾ ਭਵਿੱਖ ਉਸ ਦੇ ਬੀਤੇ ਸਮੇਂ ਨਾਲ ਨਹੀਂ, ਸਗੋਂ ਉਸ ਦੀ ਮਿਹਨਤ, ਹੁਨਰ ਅਤੇ ਲਗਨ ਨਾਲ ਤੈਅ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸੂਬੇ ਦੀਆਂ ਚਾਰ ਚਾਈਲਡ ਕੇਅਰ ਸੰਸਥਾਵਾਂ ਵਿੱਚ ਰਹਿ ਰਹੇ 420 ਬੱਚਿਆਂ ਵਿੱਚੋਂ 211 ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ। ਬੱਚਿਆਂ ਨੂੰ ਹੇਅਰ ਡਰੈਸਰ ਐਂਡ ਸਟਾਈਲਿਸਟ, ਸਮਾਰਟਫੋਨ ਅਸੈਂਬਲੀ ਟੈਕਨੀਸ਼ੀਅਨ ਅਤੇ ਮਲਟੀ-ਸਕਿੱਲ ਟੈਕਨੀਸ਼ੀਅਨ ਵਰਗੇ ਕੋਰਸਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ।
ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਕੇਵਲ ਤਕਨੀਕੀ ਸਿਖਲਾਈ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਸੰਚਾਰ ਹੁਨਰ, ਟੀਮ ਵਰਕ ਅਤੇ ਕਾਰਜ ਨੈਤਿਕਤਾ ਵਰਗੇ ਗੁਣਾਂ ਦਾ ਵੀ ਵਿਕਾਸ ਕਰੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੀ ਨਿੱਜਤਾ, ਮਾਣ-ਸਨਮਾਨ ਅਤੇ ਪਛਾਣ ਦੀ ਪੂਰੀ ਰੱਖਿਆ ਕੀਤੀ ਜਾਵੇਗੀ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਸਿਖਲਾਈ ਤੋਂ ਬਾਅਦ ਸਰਟੀਫਿਕੇਸ਼ਨ, ਪਲੇਸਮੈਂਟ ਸਹਾਇਤਾ, ਉੱਦਮੀ ਮਾਰਗਦਰਸ਼ਨ ਅਤੇ ਆਫਟਰ ਕੇਅਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਮਾਡਲ ਨੂੰ ਹੋਰਨਾਂ ਹੋਮਜ਼ ਵਿੱਚ ਵੀ ਲਾਗੂ ਕੀਤਾ ਜਾਵੇਗਾ, ਤਾਂ ਜੋ ਲੋੜਵੰਦ ਬੱਚਿਆਂ ਨੂੰ ਸਾਰਥਕ ਕਰੀਅਰ ਅਤੇ ਬਿਹਤਰ ਭਵਿੱਖ ਪ੍ਰਦਾਨ ਕੀਤਾ ਜਾ ਸਕੇ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH