
ਲੰਡਨ, 27 ਜੂਨ (ਹਿੰ.ਸ.)। ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਐਫਆਈਐਚ ਪ੍ਰੋ ਲੀਗ ਦੇ ਲੰਡਨ ਪੜਾਅ ਵਿੱਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ 7-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ਵਿਖੇ ਖੇਡੇ ਗਏ ਮੈਚ ਵਿੱਚ ਸ਼ੁਰੂਆਤੀ ਝਟਕੇ ਤੋਂ ਬਾਅਦ, ਭਾਰਤ ਨੇ ਲਗਾਤਾਰ ਸੱਤ ਗੋਲ ਕਰਕੇ ਪਾਕਿਸਤਾਨ ਨੂੰ ਮੈਚ ਵਿੱਚੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ।
ਭਾਰਤ ਵੱਲੋਂ ਸੁਖਜੀਤ ਸਿੰਘ (20ਵੇਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (26ਵੇਂ), ਹਾਰਦਿਕ ਸਿੰਘ (34ਵੇਂ), ਜੁਗਰਾਜ ਸਿੰਘ (35ਵੇਂ), ਅਭਿਸ਼ੇਕ (41ਵੇਂ), ਰਾਜ ਕੁਮਾਰ ਪਾਲ (44ਵੇਂ ਅਤੇ ਦਿਲਪ੍ਰੀਤ ਸਿੰਘ (54ਵੇਂ) ਨੇ ਗੋਲ ਕੀਤੇ। ਪਾਕਿਸਤਾਨ ਲਈ ਅਬੂ ਬਕਰ ਮਹਿਮੂਦ (13ਵੇਂ ਮਿੰਟ) ਨੇ ਇੱਕੋ ਇੱਕ ਗੋਲ ਕੀਤਾ। ਭਾਰਤੀ ਮਿਡਫੀਲਡਰ ਹਾਰਦਿਕ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ।
ਪਾਕਿਸਤਾਨ ਦੀ ਤੇਜ਼ ਸ਼ੁਰੂਆਤ, ਭਾਰਤ ਦਾ ਜ਼ੋਰਦਾਰ ਜਵਾਬੀ ਹਮਲਾ : ਮੈਚ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋਇਆ। ਭਾਰਤ ਨੇ ਪਹਿਲੇ ਡੇਢ ਮਿੰਟ ਦੇ ਅੰਦਰ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਇਸਨੂੰ ਗੋਲ ਵਿੱਚ ਬਦਲਣ ਵਿੱਚ ਅਸਫਲ ਰਿਹਾ। ਇਸ ਤੋਂ ਬਾਅਦ ਪਾਕਿਸਤਾਨ ਨੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ, ਅਤੇ ਕਪਤਾਨ ਅਬੂ ਬਕਰ ਮਹਿਮੂਦ ਨੇ ਡਰੈਗ-ਫਲਿੱਕ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 1-0 ਦੀ ਲੀਡ ਦਿਵਾਈ।
ਦੂਜੇ ਕੁਆਰਟਰ ਵਿੱਚ ਭਾਰਤ ਨੇ ਮੈਚ 'ਤੇ ਪੂਰਾ ਕੰਟਰੋਲ ਕਰ ਲਿਆ। 20ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ’ਤੇ ਹਰਮਨਪ੍ਰੀਤ ਸਿੰਘ ਦੀ ਡਰੈਗ-ਫਲਿੱਕ ਨੂੰ ਸੁਖਜੀਤ ਸਿੰਘ ਨੇ ਸ਼ਾਨਦਾਰ ਢੰਗ ਨਾਲ ਡਿਫਲੈਕਟ ਕਰਕੇ ਗੋਲ ਵਿੱਚ ਬਦਲ ਕੇ ਸਕੋਰ 1-1 ਕਰ ਦਿੱਤਾ। ਛੇ ਮਿੰਟ ਬਾਅਦ, ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਜਿਸਨੂੰ ਹਰਮਨਪ੍ਰੀਤ ਸਿੰਘ ਨੇ ਇੱਕ ਸ਼ਕਤੀਸ਼ਾਲੀ ਡਰੈਗ ਫਲਿੱਕ ਨਾਲ ਗੋਲ ਵਿੱਚ ਬਦਲ ਕੇ ਭਾਰਤ ਨੂੰ 2-1 ਦੀ ਬੜ੍ਹਤ ਦਿਵਾਈ।
ਤੀਜੇ ਕੁਆਰਟਰ ਵਿੱਚ ਭਾਰਤ ਦਾ ਗੋਲਾਂ ਦਾ ਤੂਫਾਨ :34ਵੇਂ ਮਿੰਟ ਵਿੱਚ, ਭਾਰਤ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਦੂਜੇ ਕਾਰਨਰ ਦੇ ਨਤੀਜੇ ਵਜੋਂ ਪੈਨਲਟੀ ਸਟ੍ਰੋਕ ਮਿਲਿਆ, ਜਿਸਨੂੰ ਹਾਰਦਿਕ ਸਿੰਘ ਨੇ ਆਸਾਨੀ ਨਾਲ ਗੋਲ ਵਿੱਚ ਬਦਲ ਦਿੱਤਾ। ਤੁਰੰਤ, ਬਾਅਦ ਭਾਰਤ ਨੇ ਤੇਜ਼ ਜਵਾਬੀ ਹਮਲਾ ਸ਼ੁਰੂ ਕੀਤਾ, ਅਤੇ ਜੁਗਰਾਜ ਸਿੰਘ ਨੇ ਦਿਲਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਦੁਆਰਾ ਸ਼ਾਨਦਾਰ ਤਾਲਮੇਲ ਵਾਲੀ ਮੂਵ ਨਾਲ ਗੋਲ ਕਰਕੇ ਸਕੋਰ 4-1 ਕਰ ਦਿੱਤਾ।
41ਵੇਂ ਮਿੰਟ ਵਿੱਚ, ਅਭਿਸ਼ੇਕ ਨੇ ਸੁਖਜੀਤ ਦੇ ਪਾਸ 'ਤੇ ਸ਼ਾਨਦਾਰ ਫੀਲਡ ਗੋਲ ਕੀਤਾ। ਇਸ ਤੋਂ ਬਾਅਦ, ਰਾਜ ਕੁਮਾਰ ਪਾਲ ਨੇ ਲਗਾਤਾਰ ਪੈਨਲਟੀ ਕਾਰਨਰਾਂ ਤੋਂ ਰੀਬਾਉਂਡ ਤੋਂ ਗੋਲ ਕਰਕੇ ਭਾਰਤ ਨੂੰ 6-1 ਦੀ ਬੜ੍ਹਤ ਦਿਵਾਈ।
ਦਿਲਪ੍ਰੀਤ ਨੇ ਕੀਤਾ ਸੱਤਵਾਂ ਗੋਲ : ਆਖਰੀ ਕੁਆਰਟਰ ਵਿੱਚ ਵੀ ਭਾਰਤੀ ਟੀਮ ਦਾ ਦਬਦਬਾ ਜਾਰੀ ਰਿਹਾ। 54ਵੇਂ ਮਿੰਟ ਵਿੱਚ, ਦਿਲਪ੍ਰੀਤ ਸਿੰਘ ਨੇ ਇੱਕ ਸ਼ਾਨਦਾਰ ਮੂਵ ਨੂੰ ਗੋਲ ਵਿੱਚ ਬਦਲ ਕੇ ਭਾਰਤ ਦਾ ਸੱਤਵਾਂ ਗੋਲ ਕੀਤਾ। ਮੈਚ ਦੇ ਆਖਰੀ ਮਿੰਟਾਂ ਵਿੱਚ ਪਾਕਿਸਤਾਨ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਡਿਫੈਂਸ ਅਤੇ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਦੋਵੇਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਇਸ ਨਾਲ, ਭਾਰਤ ਨੇ 7-1 ਦੀ ਸ਼ਾਨਦਾਰ ਜਿੱਤ ਦਰਜ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ