ਲੁਧਿਆਣਾ ਜੂਡੀਸ਼ੀਅਲ ਕੋਰਟਸ ਕੰਪਲੈਕਸ ਵਿੱਚ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ ਦਾ ਜਸਟਿਸ ਅਮਰਿੰਦਰ ਸਿੰਘ ਗਰੇਵਾਲ ਨੇ ਕੀਤਾ ਉਦਘਾਟਨ
ਲੁਧਿਆਣਾ, 27 ਜੁਲਾਈ (ਹਿੰ.ਸ.)| ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਅਮਰਿੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਦੇ ਜੂਡੀਸ਼ੀਅਲ ਕੋਰਟਸ ਕੰਪਲੈਕਸ ਵਿੱਚ ਸਥਾਪਤ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ ਦਾ ਉਦਘਾਟਨ ਕੀਤਾ। ਇਹ ਕੇਂਦਰ ਸੰਵੇਦਨਸ਼ੀਲ ਅਤੇ ਉਤਪੀੜਤ ਗਵਾਹਾਂ ਦੀ ਗਵਾਹੀ ਨੂੰ ਸੁਰੱਖਿਅਤ ਅਤੇ ਡਰ-ਰਹਿਤ
ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ ਦਾ ਉਦਘਾਟਨ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਅਮਰਿੰਦਰ ਸਿੰਘ ਗਰੇਵਾਲ।


ਲੁਧਿਆਣਾ, 27 ਜੁਲਾਈ (ਹਿੰ.ਸ.)| ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਅਮਰਿੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਦੇ ਜੂਡੀਸ਼ੀਅਲ ਕੋਰਟਸ ਕੰਪਲੈਕਸ ਵਿੱਚ ਸਥਾਪਤ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ ਦਾ ਉਦਘਾਟਨ ਕੀਤਾ। ਇਹ ਕੇਂਦਰ ਸੰਵੇਦਨਸ਼ੀਲ ਅਤੇ ਉਤਪੀੜਤ ਗਵਾਹਾਂ ਦੀ ਗਵਾਹੀ ਨੂੰ ਸੁਰੱਖਿਅਤ ਅਤੇ ਡਰ-ਰਹਿਤ ਮਾਹੌਲ ਵਿੱਚ ਰਿਕਾਰਡ ਕਰਨ ਦੇ ਉਦੇਸ਼ ਨਾਲ ਸਥਾਪਤ ਕੀਤਾ ਗਿਆ ਹੈ।ਉਦਘਾਟਨ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਐਡੀਸ਼ਨਲ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਡੇਜ਼ੀ ਬਾਂਗੜ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਿਮਾਂਸ਼ੂ ਅਰੋੜਾ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਪਵਲੀਨ ਸਿੰਘ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਿਨ ਸੱਗੜ, ਸਕੱਤਰ ਹਿਮਾਂਸ਼ੂ ਵਾਲੀਆ ਸਮੇਤ ਸਮੂਹ ਜੂਡੀਸ਼ੀਅਲ ਅਧਿਕਾਰੀ ਹਾਜ਼ਰ ਸਨ।ਉਦਘਾਟਨ ਤੋਂ ਬਾਅਦ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਅਤੇ ਹਿਮਾਂਸ਼ੂ ਅਰੋੜਾ ਨੇ ਜਸਟਿਸ ਗਰੇਵਾਲ ਨੂੰ ਕੇਂਦਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੇਂਦਰ ਖਾਸ ਤੌਰ 'ਤੇ ਉਨ੍ਹਾਂ ਗਵਾਹਾਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਅਦਾਲਤ ਵਿੱਚ ਦੋਸ਼ੀ ਦੇ ਸਾਹਮਣੇ ਆਉਣ ਤੋਂ ਬਚਾਉਣ ਦੀ ਲੋੜ ਹੁੰਦੀ ਹੈ। ਇਸ ਪ੍ਰਬੰਧ ਨਾਲ ਗਵਾਹ ਦੀ ਸੁਰੱਖਿਆ ਯਕੀਨੀ ਬਣੇਗੀ ਅਤੇ ਉਸ ਨੂੰ ਮੁੜ ਮਾਨਸਿਕ ਪੀੜਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਗਵਾਹਾਂ ਲਈ ਵੱਖਰਾ ਪ੍ਰਵੇਸ਼ ਮਾਰਗ, ਵੱਖਰਾ ਬਿਆਨ ਕਮਰਾ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਗਵਾਹੀ ਦਰਜ ਕਰਨ ਦੀ ਸੁਵਿਧਾ ਉਪਲਬਧ ਹੈ। ਇਸ ਤੋਂ ਇਲਾਵਾ, ਜੇਕਰ ਗਵਾਹ ਕੋਈ ਬੱਚਾ ਜਾਂ ਬੱਚੀ ਹੋਵੇ ਤਾਂ ਉਸ ਲਈ ਖੇਡਾਂ ਅਤੇ ਪੜ੍ਹਾਈ ਦੀਆਂ ਸਹੂਲਤਾਂ ਨਾਲ ਲੈਸ ਵਿਸ਼ੇਸ਼ ਕਮਰੇ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਉਹ ਆਪਣੇ ਆਪ ਨੂੰ ਸੁਖਾਲਾ ਅਤੇ ਸੁਰੱਖਿਅਤ ਮਹਿਸੂਸ ਕਰ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਵਿੱਚ ਕੰਪਿਊਟਰ ਅਤੇ ਇੰਟਰਨੈੱਟ ਦੀ ਆਧੁਨਿਕ ਸਹੂਲਤ ਮੌਜੂਦ ਹੈ, ਜਿਸ ਰਾਹੀਂ ਗਵਾਹ ਦੀ ਗਵਾਹੀ ਬਿਨਾਂ ਦੋਸ਼ੀ ਦੇ ਸਾਹਮਣੇ ਆਏ ਰਿਕਾਰਡ ਕੀਤੀ ਜਾ ਸਕਦੀ ਹੈ, ਜਦਕਿ ਅਦਾਲਤ ਸਾਰੀ ਕਾਰਵਾਈ ਨੂੰ ਇੱਕੋ ਸਮੇਂ ਦੇਖ ਸਕਦੀ ਹੈ।ਇਸ ਮੌਕੇ ਜਸਟਿਸ ਅਮਰਿੰਦਰ ਸਿੰਘ ਗਰੇਵਾਲ ਨੇ ਜੂਡੀਸ਼ੀਅਲ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਅਜਿਹੇ ਕੇਂਦਰਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਜਸਟਿਸ ਗਰੇਵਾਲ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਬੂਟੇ ਵੀ ਲਗਾਏ ਗਏ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande