
ਚੰਡੀਗੜ੍ਹ, 20 ਅਗਸਤ (ਹਿੰ.ਸ.)| ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਭਾਜਪਾ ਵੱਲੋਂ ਕੀਤੇ ਜਾ ਰਹੇ ਕਥਿਤ ਗੁਮਰਾਹਕੁੰਨ ਪ੍ਰਚਾਰ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ 2018 ਦੀ ਸੱਤ ਸਾਲ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ, ਜਦਕਿ ਸਬੰਧਤ ਸਕੂਲ ਦੀ ਮੌਜੂਦਾ ਸਥਿਤੀ ਬਿਲਕੁਲ ਵੱਖਰੀ ਹੈ।ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਬੈਂਸ ਨੇ ਦੱਸਿਆ ਕਿ ਵੀਡੀਓ ਵਿੱਚ ਦਿਖਾਏ ਗਏ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦਾ ਉਨ੍ਹਾਂ ਨੇ ਖੁਦ ਅਚਾਨਕ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਕੂਲ ਵਿੱਚ ਦੋ ਸਮਾਰਟ ਇੰਟਰਐਕਟਿਵ ਪੈਨਲ, ਕੁੜੀਆਂ ਲਈ ਚਾਲੂ ਅਤੇ ਸਾਫ਼ ਪਖਾਨੇ, ਸੈਨੇਟਰੀ ਪੈਡ ਇਨਸਿਨਰੇਟਰ, ਸਾਫ਼ ਪੀਣ ਵਾਲਾ ਪਾਣੀ ਅਤੇ ਵਾਈ-ਫਾਈ ਦੀ ਸਹੂਲਤ ਮੌਜੂਦ ਹੈ।ਮੰਤਰੀ ਨੇ ਕਿਹਾ ਕਿ ਸਕੂਲ ਦੀ ਸਫ਼ੈਦੀ ਦਾ ਕੰਮ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ ਅਤੇ ਇਸ ਲਈ ਫੰਡ ਵੀ ਜਾਰੀ ਹੋ ਚੁੱਕੇ ਹਨ। ਮਾਨਸੂਨ ਸੀਜ਼ਨ ਤੋਂ ਬਾਅਦ ਇਹ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਪੰਜਾਬ ਦਾ ਹਰ ਸਰਕਾਰੀ ਸਕੂਲ ਪੂਰੀ ਤਰ੍ਹਾਂ ਸੰਪੂਰਨ ਹੈ, ਪਰ ਜਿੱਥੇ ਵੀ ਕੋਈ ਕਮੀ ਸਾਹਮਣੇ ਆਉਂਦੀ ਹੈ, ਉਸ ਨੂੰ ਦੂਰ ਕਰਨ ਲਈ ਕਾਰਵਾਈ ਕੀਤੀ ਜਾਂਦੀ ਹੈ।ਬੈਂਸ ਨੇ ਸਿੱਖਿਆ ਖੇਤਰ ਵਿੱਚ ਪੰਜਾਬ ਦੀ ਕਾਰਗੁਜ਼ਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 ਅਤੇ ਕਲਾਸਰੂਮ ਲਰਨਿੰਗ ਦੇ ਨਤੀਜਿਆਂ ਵਿੱਚ ਪੰਜਾਬ ਨੇ ਦੇਸ਼ ਪੱਧਰ ’ਤੇ ਮੋਹਰੀ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਯੂਜੀ-ਨੀਟ 2026 ਪ੍ਰੀਖਿਆ ਪਾਸ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਹੁਣ ‘ਉੱਡਦਾ ਪੰਜਾਬ’ ਵਾਲੇ ਪੁਰਾਣੇ ਬਿਰਤਾਂਤ ਤੋਂ ਅੱਗੇ ਵਧ ਕੇ ‘ਪੜ੍ਹਦਾ ਪੰਜਾਬ’ ਵੱਲ ਜਾ ਰਿਹਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਨੀਤੀ ਆਯੋਗ ਦੇ ਮੁਲਾਂਕਣ ਵਿੱਚ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਨੇ ਹਰਿਆਣਾ ਦੇ ਗੁਰੂਗ੍ਰਾਮ ਨਾਲੋਂ ਵੱਧ ਅੰਕ ਹਾਸਲ ਕੀਤੇ ਹਨ।ਬੈਂਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ 2,000 ਤੋਂ ਵੱਧ ਸਕੂਲਾਂ ਦਾ ਨਿੱਜੀ ਤੌਰ ’ਤੇ ਨਿਰੀਖਣ ਕੀਤਾ ਜਾ ਚੁੱਕਾ ਹੈ। ਪੰਜਾਬ ਵਿੱਚ ਕਰੀਬ 20,000 ਸਰਕਾਰੀ ਸਕੂਲ ਹਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਇੱਕ ਲਗਾਤਾਰ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ 7,000 ਤੋਂ ਵੱਧ ਸਕੂਲ ਹੜ੍ਹਾਂ ਨਾਲ ਪ੍ਰਭਾਵਿਤ ਹੋਏ, ਜਦਕਿ ਕਰੀਬ 500 ਸਕੂਲਾਂ ਵਿੱਚ ਬਹਾਲੀ ਦੀ ਲੋੜ ਹੈ।ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ ਦੋ ਸਾਲਾਂ ਵਿੱਚ ਪੰਜਾਬ ਦੇ ਕਿਸੇ ਵੀ ਸਰਕਾਰੀ ਸਕੂਲ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਨਾ ਰਹਿਣ ਦੇਣਾ ਹੈ। ਉਨ੍ਹਾਂ ਲੋਕਾਂ ਅਤੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਜਾਂ ਦਾਅਵੇ ਸਾਂਝੇ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਤਸਦੀਕ ਜ਼ਰੂਰ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH