
ਜਲੰਧਰ, 20 ਅਗਸਤ (ਹਿੰ.ਸ.)| ਪੰਜਾਬ ਪੁਲਿਸ, ਆਰ.ਸੀ.ਟੀ. ਐਨ.ਜੀ.ਓ., ਜਮੀਲ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਅਤੇ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਆਫ ਵਿਮੈਨ ਇਨ ਪੰਜਾਬ ਪੁਲਿਸ’ ਵਿਸ਼ੇ ’ਤੇ ਸਾਲ ਭਰ ਚੱਲੀ ਸਿਖਲਾਈ ਪਹਿਲਕਦਮੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਐਮ.ਆਰ.ਐਸ.ਪੀ.ਪੀ.ਏ.), ਫਿਲੌਰ ਵਿਖੇ ਸਮਾਪਤ ਹੋ ਗਈ। ਪਹਿਲਕਦਮੀ ਤਹਿਤ ਸੂਬੇ ਦੇ 384 ਪੁਲਿਸ ਥਾਣਿਆਂ ਤੋਂ ਕਰੀਬ 1500 ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਗਈ।
ਤੀਜੇ ਗੇੜ ਦੇ ਆਖਰੀ ਦਿਨ ਗਰੁੱਪ ਟੀ-1, ਜੋ ਵਿਸ਼ੇਸ਼ ਤੌਰ ’ਤੇ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਸੀ, ਵਿੱਚ ਸੂਬੇ ਭਰ ਦੇ ਮਹਿਲਾ ਹੈਲਪਡੈਸਕਾਂ ’ਤੇ ਤਾਇਨਾਤ ਪੰਜਾਬ ਪੁਲਿਸ ਮਹਿਲਾ ਮਿੱਤਰਾਂ ਨੇ ਹਿੱਸਾ ਲਿਆ। ਸਮਾਗਮ ਵਿੱਚ ਇੰਡੀਅਨ ਐਕਸਪ੍ਰੈਸ ਦੀ ਰੈਜ਼ੀਡੈਂਟ/ਨੈਸ਼ਨਲ ਐਡੀਟਰ (ਨਾਰਥ) ਮਨਰਾਜ ਗਰੇਵਾਲ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮਹਿਲਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਮਨਰਾਜ ਗਰੇਵਾਲ ਸ਼ਰਮਾ ਨੇ ਪੁਰਸ਼-ਪ੍ਰਧਾਨ ਖੇਤਰ ਵਿੱਚ ਆਪਣੇ ਪੇਸ਼ੇਵਰ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਫਲਤਾ ਲਈ ਸਮਰਪਣ ਅਤੇ ਲਗਾਤਾਰ ਵਾਧੂ ਕੋਸ਼ਿਸ਼ ਜ਼ਰੂਰੀ ਹੈ। ਉਨ੍ਹਾਂ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਕਾਰਜਸਥਲ ’ਤੇ ਲਿੰਗ-ਅਧਾਰਿਤ ਜਾਂ ਅਣਉਚਿਤ ਟਿੱਪਣੀਆਂ ਵਿਰੁੱਧ ਆਵਾਜ਼ ਉਠਾਉਣ ਅਤੇ ਆਪਣੀ ਪੇਸ਼ੇਵਰ ਪਛਾਣ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।
ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਲਗਭਗ 80 ਹਜ਼ਾਰ ਮੁਲਾਜ਼ਮਾਂ ਵਿੱਚ 11 ਫੀਸਦੀ ਮਹਿਲਾਵਾਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਪੁਲਿਸ ਫੋਰਸ ਦੀ ਮੁੱਖ ਧਾਰਾ ਵਿੱਚ ਬਰਾਬਰੀ ਅਤੇ ਸਨਮਾਨ ਨਾਲ ਸ਼ਾਮਲ ਕਰਨ ਲਈ ਅਜਿਹੀਆਂ ਸਿਖਲਾਈ ਪਹਿਲਕਦਮੀਆਂ ਮਹੱਤਵਪੂਰਨ ਹਨ।
ਉਨ੍ਹਾਂ ਮਹਿਲਾ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਡੈਸਕਾਂ ਤੱਕ ਸੀਮਤ ਨਾ ਰਹਿਣ ਅਤੇ ਚੁਣੌਤੀਪੂਰਨ ਫੀਲਡ ਡਿਊਟੀਆਂ, ਐਸ.ਐਚ.ਓ. ਸਮੇਤ ਫਰੰਟਲਾਈਨ ਲੀਡਰਸ਼ਿਪ ਭੂਮਿਕਾਵਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਘਰੇਲੂ ਹਿੰਸਾ ਨਾਲ ਨਜਿੱਠਣ ਲਈ ‘ਸਾਂਝ ਰਾਹਤ ਕੇਂਦਰ’ ਸਮੇਤ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀਆਂ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਘਰੇਲੂ ਹਿੰਸਾ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।
ਮਹਾਰਾਸ਼ਟਰ ਕੇਡਰ ਦੀ ਸਾਬਕਾ ਡੀਜੀਪੀ ਮੀਰਨ ਚੱਢਾ ਬੋਰਵਾਂਕਰ ਨੇ ਵੀ ਆਪਣੇ ਪੁਲਿਸ ਕਰੀਅਰ ਦੌਰਾਨ ਦਰਪੇਸ਼ ਚੁਣੌਤੀਆਂ ਸਾਂਝੀਆਂ ਕੀਤੀਆਂ। ਪੰਜਾਬ ਦੇ ਸਾਬਕਾ ਡੀਜੀਪੀ ਆਰ.ਸੀ. ਸਿੰਘ ਨੇ ਸੰਯੁਕਤ ਰਾਸ਼ਟਰ ਵਿੱਚ ਮਹਿਲਾਵਾਂ ਦੀ ਬਰਾਬਰ ਸ਼ਮੂਲੀਅਤ ਅਤੇ ਮਹਿਲਾ ਅਧਿਕਾਰੀਆਂ ਨੂੰ ਚੁਣੌਤੀਪੂਰਨ ਜ਼ਿੰਮੇਵਾਰੀਆਂ ਦੇਣ ਦੇ ਆਪਣੇ ਤਜਰਬੇ ਦੱਸੇ।
ਇਸ ਦੌਰਾਨ ਗੁਰਪ੍ਰੀਤ ਕੌਰ ਦਿਓ ਨੇ 51 ਮਾਸਟਰ ਟ੍ਰੇਨਰਾਂ ਨੂੰ ਸਨਮਾਨਿਤ ਕੀਤਾ। ਇਹ ਪ੍ਰੋਗਰਾਮ ਦਸੰਬਰ 2025 ਵਿੱਚ 51 ਮਾਸਟਰ ਟ੍ਰੇਨਰਾਂ ਲਈ ‘ਟ੍ਰੇਨਿੰਗ ਆਫ ਟ੍ਰੇਨਰਜ਼’ ਨਾਲ ਸ਼ੁਰੂ ਹੋਇਆ ਸੀ ਅਤੇ 2026 ਵਿੱਚ ਦੋ ਜ਼ਿਲ੍ਹਾ ਪੱਧਰੀ ਗੇੜਾਂ ਤੋਂ ਬਾਅਦ ਤਿੰਨ ਦਿਨਾਂ ਦੇ ਅਕੈਡਮੀ ਪੱਧਰੀ ਤੀਜੇ ਗੇੜ ਨਾਲ ਸਮਾਪਤ ਹੋਇਆ। ਜੇ-ਪਾਲ ਵੱਲੋਂ ਹੁਣ ਇਸ ਪਹਿਲਕਦਮੀ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਐਂਡਲਾਈਨ ਸਰਵੇਖਣ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH