ਖੂਨਦਾਨ ਅਤੇ ਅੰਗਦਾਨ ਲਈ ਨੌਜਵਾਨ ਵੀ ਅੱਗੇ ਆਉਣ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਚੰਡੀਗੜ੍ਹ, 20 ਅਗਸਤ (ਹਿੰ.ਸ.)| ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਸਵੈ-ਇੱਛਾ ਨਾਲ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿਮਾਗੀ ਮੌਤ ਦੀ ਸਥਿਤੀ ਵਿੱਚ ਅੰਗਦਾਨ ਰਾਹੀਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਕਈ ਮਰੀ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ


ਚੰਡੀਗੜ੍ਹ, 20 ਅਗਸਤ (ਹਿੰ.ਸ.)| ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਸਵੈ-ਇੱਛਾ ਨਾਲ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿਮਾਗੀ ਮੌਤ ਦੀ ਸਥਿਤੀ ਵਿੱਚ ਅੰਗਦਾਨ ਰਾਹੀਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ।ਮਿਊਂਸੀਪਲ ਭਵਨ, ਚੰਡੀਗੜ੍ਹ ਵਿਖੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੱਲੋਂ ਕਰਵਾਈ ਸੂਬਾ ਪੱਧਰੀ ਐਨਜੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਸਵੈ-ਇੱਛਤ ਖੂਨਦਾਨ ਸੰਸਥਾਵਾਂ ਅਤੇ ਸਮਾਜ ਸੇਵਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਭਰ ਵਿੱਚ ਖੂਨਦਾਨ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ 69 ਸਵੈ-ਇੱਛਤ ਖੂਨਦਾਨ ਐਨਜੀਓਜ਼ ਨੂੰ ਸਨਮਾਨਿਤ ਵੀ ਕੀਤਾ ਗਿਆ।ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਖੂਨ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਨਿਊਕਲੀਕ ਐਸਿਡ ਟੈਸਟਿੰਗ ਅਤੇ ਕੈਮੀਲੂਮਿਨਿਸੈਂਸ ਇਮਯੂਨੋਐਸੇ ਵਰਗੀਆਂ ਆਧੁਨਿਕ ਤਕਨੀਕਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਰਾਹੀਂ ਐਚਆਈਵੀ, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਵਰਗੀਆਂ ਇਨਫੈਕਸ਼ਨਾਂ ਦੀ ਜਲਦ ਪਛਾਣ ਕਰਕੇ ਖੂਨ ਚੜ੍ਹਾਉਣ ਨਾਲ ਹੋਣ ਵਾਲੇ ਸੰਕਰਮਣ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ।ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 201 ਲਾਇਸੰਸਸ਼ੁਦਾ ਬਲੱਡ ਸੈਂਟਰ ਹਨ, ਜਿਨ੍ਹਾਂ ਵਿੱਚ 51 ਸਰਕਾਰੀ, 7 ਫੌਜ ਨਾਲ ਸਬੰਧਤ ਅਤੇ 143 ਨਿੱਜੀ ਜਾਂ ਟਰੱਸਟਾਂ ਵੱਲੋਂ ਚਲਾਏ ਜਾ ਰਹੇ ਕੇਂਦਰ ਸ਼ਾਮਲ ਹਨ। ਸਾਲ 2025-26 ਦੌਰਾਨ ਪੰਜਾਬ ਵਿੱਚ 5,44,167 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਦਕਿ ਅਪ੍ਰੈਲ ਤੋਂ ਜੁਲਾਈ 2026 ਤੱਕ 2,065 ਸਵੈ-ਇੱਛਤ ਖੂਨਦਾਨ ਕੈਂਪਾਂ ਰਾਹੀਂ 1,84,194 ਯੂਨਿਟ ਇਕੱਠੇ ਕੀਤੇ ਗਏ।ਡਾ. ਬਲਬੀਰ ਸਿੰਘ ਨੇ ਐਮਰਜੈਂਸੀ ਦੌਰਾਨ ਖੂਨ ਦੀ ਤੁਰੰਤ ਉਪਲਬਧਤਾ ਯਕੀਨੀ ਬਣਾਉਣ ਲਈ ਸਵੈ-ਇੱਛਤ ਖੂਨਦਾਨੀਆਂ ਦੀਆਂ ਸ਼ਹਿਰ-ਅਧਾਰਤ ਡਿਜੀਟਲ ਡਾਇਰੈਕਟਰੀਆਂ ਤਿਆਰ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋੜ ਪੈਣ 'ਤੇ ਕਿਸੇ ਖਾਸ ਬਲੱਡ ਗਰੁੱਪ ਵਾਲੇ ਦਾਨੀ ਨਾਲ ਤੁਰੰਤ ਸੰਪਰਕ ਕੀਤਾ ਜਾ ਸਕੇਗਾ ਅਤੇ ਐਮਰਜੈਂਸੀ ਵਿੱਚ ਬੇਲੋੜੀ ਭੱਜ-ਦੌੜ ਤੋਂ ਬਚਿਆ ਜਾ ਸਕੇਗਾ।ਅੰਗਦਾਨ ਮੁਹਿੰਮ ਬਾਰੇ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਸਥਾਪਿਤ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਵੱਲੋਂ ਸਰਕਾਰੀ ਖੇਤਰ ਵਿੱਚ 15 ਦਿਨਾਂ ਦੇ ਅੰਦਰ ਤਿੰਨ ਲਿਵਰ ਟ੍ਰਾਂਸਪਲਾਂਟ ਸਫਲਤਾਪੂਰਵਕ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਟ੍ਰਾਂਸਪਲਾਂਟ ਬਾਜ਼ਾਰ ਦੀ ਲਾਗਤ ਦੇ ਮੁਕਾਬਲੇ ਲਗਭਗ ਇੱਕ-ਤਿਹਾਈ ਖਰਚ 'ਤੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਗੁਰਦਾ ਟ੍ਰਾਂਸਪਲਾਂਟ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ।ਮੰਤਰੀ ਨੇ ਪਰਿਵਾਰਾਂ ਨੂੰ ਅੰਗਦਾਨ ਲਈ ਸੰਕਲਪ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰਦੇ, ਜਿਗਰ ਅਤੇ ਕੌਰਨੀਆ ਵਰਗੇ ਅੰਗਾਂ ਦੇ ਦਾਨ ਰਾਹੀਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਸਿਹਤ ਮਾਹਿਰਾਂ ਨੇ ਵੀ ਬਲੱਡ ਸੇਫਟੀ, ਖੂਨਦਾਨ ਅਤੇ ਦਾਨੀਆਂ ਦੀ ਲਾਮਬੰਦੀ ਸਬੰਧੀ ਵਿਚਾਰ ਸਾਂਝੇ ਕੀਤੇ। ਕਾਨਫਰੰਸ ਵਿੱਚ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande