ਮੋਹਾਲੀ ’ਚ ਉਸਾਰੀ ਅਧੀਨ ਹਸਪਤਾਲ ਦੀ ਇਮਾਰਤ ਢਹੀ, 2 ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
ਚੰਡੀਗੜ੍ਹ, 21 ਅਗਸਤ (ਹਿੰ.ਸ.)| ਪੰਜਾਬ ਦੇ ਮੋਹਾਲੀ ਵਿੱਚ ਬੀਤੀ ਰਾਤ ਇੱਕ ਉਸਾਰੀ ਅਧੀਨ ਹਸਪਤਾਲ ਦੀ ਇਮਾਰਤ ਢਹਿਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮਜ਼ਦੂਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ
ਮੋਹਾਲੀ ’ਚ ਉਸਾਰੀ ਅਧੀਨ ਬਿਲਡਿੰਗ ਦੀ ਡਿੱਗੀ ਸ਼ਟਰਿੰਗ ਦੀ ਫੋਟੋ।


ਚੰਡੀਗੜ੍ਹ, 21 ਅਗਸਤ (ਹਿੰ.ਸ.)| ਪੰਜਾਬ ਦੇ ਮੋਹਾਲੀ ਵਿੱਚ ਬੀਤੀ ਰਾਤ ਇੱਕ ਉਸਾਰੀ ਅਧੀਨ ਹਸਪਤਾਲ ਦੀ ਇਮਾਰਤ ਢਹਿਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮਜ਼ਦੂਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੀਬ ਛੇ ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਪ੍ਰਸ਼ਾਸਨ ਵੱਲੋਂ ਮਲਬੇ ਵਿੱਚ ਕਿਸੇ ਹੋਰ ਮਜ਼ਦੂਰ ਦੇ ਨਾ ਫਸੇ ਹੋਣ ਦੀ ਪੁਸ਼ਟੀ ਕੀਤੀ ਗਈ।ਜਾਣਕਾਰੀ ਅਨੁਸਾਰ ਮੋਹਾਲੀ ਦੇ ਏਅਰੋਸਿਟੀ ਵਿੱਚ ‘ਮੈਡੀਸਿਟੀ’ ਨਾਮ ਨਾਲ ਇੱਕ ਨਿੱਜੀ ਹਸਪਤਾਲ ਦੀ ਉਸਾਰੀ ਚੱਲ ਰਹੀ ਹੈ। ਮੋਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਰਿਟੇਨਿੰਗ ਵਾਲ ਬਣਾਉਣ ਲਈ ਕਰੀਬ 15 ਫੁੱਟ ਡੂੰਘਾਈ ਤੱਕ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਮਿੱਟੀ ਦੀ ਕੰਧ ਅਚਾਨਕ ਢਹਿ ਗਈ ਅਤੇ ਤਿੰਨ ਮਜ਼ਦੂਰ ਇਸ ਦੇ ਹੇਠਾਂ ਦੱਬ ਗਏ।ਰੈਸਕਿਊ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਮਜ਼ਦੂਰਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਅਤੇ ਸਥਾਨਕ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਦੋ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਤੀਜੇ ਮਜ਼ਦੂਰ ਦਾ ਇਲਾਜ ਜਾਰੀ ਹੈ। ਪੁਲਿਸ ਮੁਤਾਬਕ ਮ੍ਰਿਤਕ ਮਜ਼ਦੂਰਾਂ ਦੀ ਪਛਾਣ ਹਾਲੇ ਨਹੀਂ ਹੋ ਸਕੀ।ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਐੱਸਡੀਐੱਮ ਨੂੰ ਹਾਦਸੇ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਦੌਰਾਨ ਕੰਧ ਡਿੱਗਣ ਦੇ ਕਾਰਨਾਂ ਅਤੇ ਉਸਾਰੀ ਵਾਲੀ ਥਾਂ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਹੋਣ ਜਾਂ ਨਾ ਹੋਣ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾਵੇਗੀ।ਸਥਾਨਕ ਕੌਂਸਲਰ ਹਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸੀਵਰੇਜ ਢਾਂਚੇ ਦਾ ਇੱਕ ਹਿੱਸਾ ਡਿੱਗਣ ਤੋਂ ਬਾਅਦ ਠੇਕੇਦਾਰ ਨੂੰ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕਥਿਤ ਤੌਰ ’ਤੇ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਹੁਣ ਇਹ ਜਾਨਲੇਵਾ ਹਾਦਸਾ ਵਾਪਰ ਗਿਆ। ਫਿਲਹਾਲ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਅਤੇ ਉਸਾਰੀ ਸਾਈਟ ’ਤੇ ਸੁਰੱਖਿਆ ਪ੍ਰਬੰਧਾਂ ਦੀ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande