
ਬਠਿੰਡਾ, 23 ਅਗਸਤ (ਹਿੰ.ਸ.)| ਬਠਿੰਡਾ ਦੇ ਅਮਰੀਕ ਸਿੰਘ ਰੋਡ ਸਥਿਤ ਐਸਬੀਆਈ ਦੀ ਬੰਦ ਪਈ ਇਮਾਰਤ ਦੇ ਪਿੱਛੇ ਇੱਕ ਖਾਲੀ ਪਲਾਟ ਵਿੱਚੋਂ ਇੱਕ ਵਿਅਕਤੀ ਦੀ ਸੜੀ-ਗਲੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਲਾਸ਼ ਦੀ ਹਾਲਤ ਦੇਖਦਿਆਂ ਪੁਲਿਸ ਨੇ ਇਸ ਦੇ ਕਰੀਬ 20 ਤੋਂ 25 ਦਿਨ ਪੁਰਾਣੀ ਹੋਣ ਦਾ ਅਨੁਮਾਨ ਲਗਾਇਆ ਹੈ। ਮ੍ਰਿਤਕ ਦੀ ਉਮਰ ਲਗਭਗ 40 ਤੋਂ 45 ਸਾਲ ਦੱਸੀ ਜਾ ਰਹੀ ਹੈ, ਪਰ ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ। ਜਾਣਕਾਰੀ ਮੁਤਾਬਕ ਇੱਕ ਕਬਾੜੀ ਝਾੜੀਆਂ ਨਾਲ ਭਰੇ ਖਾਲੀ ਪਲਾਟ ਵਿੱਚ ਕੂੜਾ ਲੱਭਣ ਲਈ ਗਿਆ ਸੀ। ਇਸ ਦੌਰਾਨ ਉਸ ਨੇ ਉੱਥੇ ਲਾਸ਼ ਪਈ ਦੇਖੀ। ਉਸ ਨੇ ਤੁਰੰਤ ਇਸ ਦੀ ਸੂਚਨਾ ਸਹਾਰਾ ਜਨ ਸੇਵਾ ਨੂੰ ਦਿੱਤੀ।ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਅਤੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ। ਘਟਨਾ ਸਥਾਨ ’ਤੇ ਘਣੀਆਂ ਝਾੜੀਆਂ ਹੋਣ ਕਾਰਨ ਪੁਲਿਸ ਅਤੇ ਬਚਾਅ ਟੀਮ ਨੂੰ ਲਾਸ਼ ਤੱਕ ਪਹੁੰਚਣ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।ਪੁਲਿਸ ਮੁਤਾਬਕ ਲਾਸ਼ ਪੂਰੀ ਤਰ੍ਹਾਂ ਗਲ ਚੁੱਕੀ ਸੀ ਅਤੇ ਉਸ ਵਿੱਚ ਕੀੜੇ ਪੈ ਚੁੱਕੇ ਸਨ। ਮ੍ਰਿਤਕ ਨੇ ਕਾਲੀ ਪੈਂਟ ਅਤੇ ਧਾਰੀਦਾਰ ਕਮੀਜ਼ ਪਹਿਨੀ ਹੋਈ ਸੀ। ਉਸ ਕੋਲੋਂ ਕੋਈ ਅਜਿਹਾ ਪਛਾਣ ਪੱਤਰ ਜਾਂ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ।ਥਾਣਾ ਕੋਤਵਾਲੀ ਦੇ ਏਐਸਆਈ ਕੌਰ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਅਤੇ ਜ਼ਰੂਰੀ ਸਬੂਤ ਇਕੱਠੇ ਕੀਤੇ। ਪੁਲਿਸ ਦੀ ਕਾਰਵਾਈ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਟੀਮ ਨੇ ਲਾਸ਼ ਨੂੰ ਹਸਪਤਾਲ ਦੀ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਥਾਣਾ ਕੋਤਵਾਲੀ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਹਨ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਖਾਲੀ ਪਲਾਟ ਤੱਕ ਕਿਵੇਂ ਪਹੁੰਚਿਆ ਅਤੇ ਉਸ ਦੀ ਮੌਤ ਕਿਹੜੀਆਂ ਹਾਲਾਤਾਂ ਵਿੱਚ ਹੋਈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH