
ਬਰਨਾਲਾ, 23 ਅਗਸਤ (ਹਿੰ.ਸ.)| ਥਾਣਾ ਠੁੱਲੀਵਾਲ ਵਿੱਚ ਪੁੱਛਗਿੱਛ ਲਈ ਬੁਲਾਏ ਗਏ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਿੰਡ ਟਿੱਬਾ ਵਾਸੀ ਪ੍ਰਦੀਪ ਉਰਫ਼ ਮੰਗਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਨੇ ਪੁੱਛਗਿੱਛ ਦੌਰਾਨ ਪ੍ਰਦੀਪ ਨਾਲ ਕਥਿਤ ਤੌਰ ’ਤੇ ਕੁੱਟਮਾਰ ਅਤੇ ਤਸ਼ੱਦਦ ਕੀਤੇ ਜਾਣ ਦੇ ਦੋਸ਼ ਲਗਾਏ ਹਨ।ਮ੍ਰਿਤਕ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪ੍ਰਦੀਪ ਨੇ ਕੁਝ ਸਮਾਂ ਪਹਿਲਾਂ ਇੱਕ ਰਾਹਗੀਰ ਤੋਂ ਮੋਬਾਈਲ ਫੋਨ ਖਰੀਦਿਆ ਸੀ। ਬਾਅਦ ਵਿੱਚ ਇਹ ਫੋਨ ਚੋਰੀ ਦਾ ਹੋਣ ਦੀ ਗੱਲ ਸਾਹਮਣੇ ਆਈ। ਇਸੇ ਮਾਮਲੇ ਦੀ ਜਾਂਚ ਲਈ ਥਾਣਾ ਠੁੱਲੀਵਾਲ ਦੀ ਪੁਲਿਸ ਨੇ ਐਤਵਾਰ ਦੁਪਹਿਰ ਪ੍ਰਦੀਪ ਨੂੰ ਪਰਿਵਾਰ ਸਮੇਤ ਥਾਣੇ ਬੁਲਾਇਆ ਸੀ।ਪਰਿਵਾਰ ਦੇ ਦੋਸ਼ ਮੁਤਾਬਕ ਪੁਲਿਸ ਮੁਲਾਜ਼ਮਾਂ ਨੇ ਪ੍ਰਦੀਪ ਦੇ ਪਿਤਾ ਅਤੇ ਭਰਾ ਨੂੰ ਥਾਣੇ ਦੇ ਬਾਹਰ ਬਿਠਾ ਦਿੱਤਾ ਅਤੇ ਪ੍ਰਦੀਪ ਨੂੰ ਇਕੱਲੇ ਅੰਦਰ ਲੈ ਗਏ। ਪਰਿਵਾਰ ਦਾ ਕਹਿਣਾ ਹੈ ਕਿ ਕਰੀਬ 10 ਮਿੰਟ ਬਾਅਦ ਪੁਲਿਸ ਮੁਲਾਜ਼ਮ ਘਬਰਾਏ ਹੋਏ ਬਾਹਰ ਆਏ ਅਤੇ ਦੱਸਿਆ ਕਿ ਪ੍ਰਦੀਪ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ।ਪਰਿਵਾਰ ਮੁਤਾਬਕ ਪੁਲਿਸ ਮੁਲਾਜ਼ਮਾਂ ਨੇ ਪ੍ਰਦੀਪ ਨੂੰ ਬੇਹੋਸ਼ ਹਾਲਤ ਵਿੱਚ ਸਰਕਾਰੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਪ੍ਰਦੀਪ ਦੀ ਮੌਤ ਥਾਣੇ ਅੰਦਰ ਹੀ ਹੋ ਗਈ ਸੀ।ਮਾਮਲੇ ਸਬੰਧੀ ਬਰਨਾਲਾ ਦੇ ਐਸਪੀ (ਡੀ) ਸੰਜੀਵ ਗੋਇਲ ਨੇ ਪੁਲਿਸ ਦਾ ਪੱਖ ਰੱਖਦਿਆਂ ਕਿਹਾ ਕਿ ਨੌਜਵਾਨ ਨੂੰ ਸਿਰਫ਼ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ। ਪੁੱਛਗਿੱਛ ਦੌਰਾਨ ਉਸ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।ਐਸਪੀ ਨੇ ਦੱਸਿਆ ਕਿ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਨੌਜਵਾਨ ਨੂੰ ‘ਬ੍ਰਾਟ ਡੈੱਡ’ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਹੀ ਲੱਗੇਗਾ।ਪੁਲਿਸ ਨੇ ਪ੍ਰਦੀਪ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਐਸਪੀ ਸੰਜੀਵ ਗੋਇਲ ਨੇ ਪਰਿਵਾਰ ਨੂੰ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰ ਦੇ ਅਧਿਕਾਰਤ ਬਿਆਨਾਂ ਦੇ ਆਧਾਰ ’ਤੇ ਜੇਕਰ ਕਿਸੇ ਦੀ ਲਾਪਰਵਾਹੀ ਜਾਂ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH