
ਪਟਿਆਲਾ, 05 ਅਗਸਤ (ਹਿੰ.ਸ.)| ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਹਿਲ ਦੇ ਨਾਂ ਅਤੇ ਪਛਾਣ ਦੀ ਕਥਿਤ ਤੌਰ ’ਤੇ ਦੁਰਵਰਤੋਂ ਕਰਦਿਆਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੇਸਬੁੱਕ ’ਤੇ ਫਰਜ਼ੀ ਅਕਾਊਂਟ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਡੀਆਈਜੀ ਚਹਿਲ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ਰਾਹੀਂ ਲੋਕਾਂ ਨੂੰ ਸਾਵਧਾਨ ਕੀਤਾ ਹੈ।
ਡੀਆਈਜੀ ਕੁਲਦੀਪ ਸਿੰਘ ਚਹਿਲ ਨੇ ਆਪਣੀ ਪੋਸਟ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਨਾਂ ਅਤੇ ਪਛਾਣ ਦਾ ਇਸਤੇਮਾਲ ਕਰਕੇ ਬਣਾਏ ਗਏ ਇਸ ਫਰਜ਼ੀ ਅਕਾਊਂਟ ਨਾਲ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਫਰਜ਼ੀ ਅਕਾਊਂਟ ਤੋਂ ਕਿਸੇ ਨੂੰ ਫਰੈਂਡ ਰਿਕਵੈਸਟ, ਮੈਸੇਜ, ਕਿਸੇ ਕਿਸਮ ਦੀ ਮਦਦ ਜਾਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ’ਤੇ ਬਿਲਕੁਲ ਭਰੋਸਾ ਨਾ ਕੀਤਾ ਜਾਵੇ।
ਉਨ੍ਹਾਂ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਫਰਜ਼ੀ ਅਕਾਊਂਟ ਰਾਹੀਂ ਸੰਪਰਕ ਕਰਨ ਵਾਲੇ ਵਿਅਕਤੀ ਨਾਲ ਆਪਣੀ ਕੋਈ ਨਿੱਜੀ ਜਾਂ ਵਿੱਤੀ ਜਾਣਕਾਰੀ ਸਾਂਝੀ ਨਾ ਕਰਨ। ਡੀਆਈਜੀ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਫੇਕ ਫੇਸਬੁੱਕ ਅਕਾਊਂਟ ਨੂੰ ਤੁਰੰਤ ਰਿਪੋਰਟ ਕਰਨ ਅਤੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਵੀ ਇਸ ਬਾਰੇ ਸੂਚਿਤ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਪਛਾਣ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।
ਡੀਆਈਜੀ ਚਹਿਲ ਨੇ ਦੱਸਿਆ ਕਿ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਪੋਸਟ ਤੋਂ ਬਾਅਦ ਕਈ ਲੋਕਾਂ ਨੇ ਵੀ ਇਸ ਸਬੰਧੀ ਪ੍ਰਤੀਕਿਰਿਆ ਦਿੱਤੀ। ਇੱਕ ਯੂਜ਼ਰ ਪੂਜਾ ਘਈ ਨੇ ਕਮੈਂਟ ਕਰਦਿਆਂ ਦੱਸਿਆ ਕਿ ਉਸ ਨੂੰ ਵੀ ਇਸ ਫਰਜ਼ੀ ਅਕਾਊਂਟ ਤੋਂ ਮੈਸੇਜ ਆਇਆ ਸੀ, ਪਰ ਉਸ ਨੇ ਸਮਝ ਲਿਆ ਸੀ ਕਿ ਇਹ ਫੇਕ ਆਈਡੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH