
ਤਿੰਨ ਵਿਦੇਸ਼ੀ ਪਿਸਤੌਲ ਤੇ 15 ਕਾਰਤੂਸ ਵੀ ਬਰਾਮਦ, ਹਾਂਡਾ ਸਿਟੀ ਕਾਰ ’ਚ ਸਵਾਰ ਸਨ ਮੁਲਜ਼ਮ
ਫਰੀਦਕੋਟ, 20 ਸਤੰਬਰ (ਹਿੰ.ਸ.)| ਫਰੀਦਕੋਟ ਪੁਲਿਸ ਦੇ ਸੀਆਈਏ ਸਟਾਫ ਨੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 47 ਕਿਲੋ 332 ਗ੍ਰਾਮ ਹੈਰੋਇਨ, ਤਿੰਨ ਵਿਦੇਸ਼ੀ ਪਿਸਤੌਲ ਅਤੇ 15 ਕਾਰਤੂਸ ਬਰਾਮਦ ਕਰਕੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸਾਦਿਕ ਤੋਂ ਦੀਪ ਸਿੰਘ ਵਾਲਾ ਨੂੰ ਜਾਂਦੀ ਸੜਕ ’ਤੇ ਪਿੰਡ ਕਾਉਣੀ ਨੇੜੇ ਨਾਕਾਬੰਦੀ ਦੌਰਾਨ ਕੀਤੀ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰੂਹਰਸਹਾਏ ਦੇ ਪਿੰਡ ਗੂਦੜ ਪੰਜਗਰਾਈ ਵਾਸੀ ਮੰਗਲ ਸਿੰਘ ਅਤੇ ਜਲਾਲਾਬਾਦ ਦੇ ਪਿੰਡ ਲਮੋਚੜ ਖੁਰਦ ਵਾਸੀ ਅੰਕੁਸ਼, ਸਚਿਨ ਉਰਫ਼ ਸੰਜੂ ਅਤੇ ਅਨਮੋਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਚਾਰਾਂ ਖ਼ਿਲਾਫ਼ ਥਾਣਾ ਸਾਦਿਕ ਵਿੱਚ ਨਸ਼ਾ ਰੋਕੂ ਕਾਨੂੰਨ ਅਤੇ ਅਸਲਾ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਮੁਤਾਬਕ ਫਰੀਦਕੋਟ ਵਿੱਚ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਮੱਦੇਨਜ਼ਰ ਸੀਆਈਏ ਸਟਾਫ ਦੇ ਇੰਚਾਰਜ ਹਾਕਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਪਿੰਡ ਕਾਉਣੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅੱਧੀ ਰਾਤ ਨੂੰ ਦੀਪ ਸਿੰਘ ਵਾਲਾ ਵੱਲੋਂ ਆ ਰਹੀ ਇੱਕ ਹਾਂਡਾ ਸਿਟੀ ਕਾਰ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ।
ਪੁਲਿਸ ਅਨੁਸਾਰ ਕਾਰ ਸਵਾਰਾਂ ਨੇ ਨਾਕੇ ਨੇੜੇ ਗੱਡੀ ਰੋਕਣ ਤੋਂ ਬਾਅਦ ਉਸ ਨੂੰ ਪਿੱਛੇ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਾਰ ਬੰਦ ਹੋ ਗਈ, ਜਿਸ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ ਅਤੇ ਸਵਾਰਾਂ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਕਾਰ ਵਿੱਚ ਰੱਖੇ ਇੱਕ ਥੈਲੇ ’ਤੇ ਸ਼ੱਕ ਹੋਇਆ। ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ ਗਈ ਅਤੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੂੰ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਦੀ ਨਿਗਰਾਨੀ ਹੇਠ ਕਾਰ ਦੀ ਤਲਾਸ਼ੀ ਲਈ ਗਈ ਤਾਂ ਗੱਟੇ ਵਿੱਚੋਂ ਹੈਰੋਇਨ ਦੇ 42 ਪੈਕੇਟ ਬਰਾਮਦ ਹੋਏ। ਇਨ੍ਹਾਂ ਦਾ ਕੁੱਲ ਵਜ਼ਨ 47 ਕਿਲੋ 332 ਗ੍ਰਾਮ ਦੱਸਿਆ ਗਿਆ ਹੈ।
ਤਲਾਸ਼ੀ ਦੌਰਾਨ ਕਾਰ ਦੇ ਡੈਸ਼ਬੋਰਡ ਵਿੱਚ ਰੱਖੇ ਇੱਕ ਲਿਫ਼ਾਫ਼ੇ ਵਿੱਚੋਂ ਤਿੰਨ ਵਿਦੇਸ਼ੀ ਪਿਸਤੌਲ .30 ਬੋਰ, ਮੈਗਜ਼ੀਨ ਅਤੇ 15 ਕਾਰਤੂਸ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੈਰੋਇਨ ਦੀ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਅੱਗੇ ਕਿਨ੍ਹਾਂ ਵਿਅਕਤੀਆਂ ਤੱਕ ਪਹੁੰਚਾਇਆ ਜਾਣਾ ਸੀ। ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH