
ਡਰਾਮਾ ਫੈਸਟੀਵਲ ’ਚ ‘ਰੀਟੇਕ ਜ਼ਿੰਦਗੀ’ ਨੇ ਦਿੱਤਾ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ
ਫਰੀਦਕੋਟ, 22 ਸਤੰਬਰ (ਹਿੰ.ਸ.)| ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੇ ਸਬੰਧ ਵਿੱਚ ਦਰਬਾਰ ਗੰਜ, ਫਰੀਦਕੋਟ ਵਿਖੇ ਕਰਵਾਏ ਗਏ ਡਰਾਮਾ ਫੈਸਟੀਵਲ ਦੌਰਾਨ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕਰਦਿਆਂ ਨਾਟਕ ਦਾ ਆਨੰਦ ਮਾਣਿਆ।
ਸੁਚੇਤਕ ਰੰਗ ਮੰਚ, ਪਟਿਆਲਾ ਵੱਲੋਂ ‘ਰੀਟੇਕ ਜ਼ਿੰਦਗੀ’ ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਨਾਟਕ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਅਤੇ ਜਸਵਿੰਦਰ ਸਿੰਘ ਵੱਲੋਂ ਕੀਤਾ ਗਿਆ। ਨਾਟਕ ਰਾਹੀਂ ਪਤੀ-ਪਤਨੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ, ਖੂਬਸੂਰਤ ਅਤੇ ਸੁਖਾਵਾਂ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਕਲਾਕਾਰਾਂ ਨੇ ਪਰਿਵਾਰਕ ਜੀਵਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਦਿਆਂ ਆਪਸੀ ਸਮਝ, ਸਹਿਯੋਗ, ਪਿਆਰ ਅਤੇ ਸਤਿਕਾਰ ਨਾਲ ਰਿਸ਼ਤਿਆਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ।
ਲਗਭਗ ਡੇਢ ਘੰਟੇ ਤੱਕ ਚੱਲੇ ਇਸ ਨਾਟਕ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਦਰਸ਼ਕਾਂ ਨੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਨਾਟਕ ਰਾਹੀਂ ਦਿੱਤੇ ਸਮਾਜਿਕ ਸੁਨੇਹੇ ਨੂੰ ਵੀ ਸਰਾਹਿਆ। ਦਰਬਾਰ ਗੰਜ ਵਿਖੇ ਇਕੱਤਰ ਹੋਏ ਲੋਕਾਂ ਨੇ ਇਸ ਪੇਸ਼ਕਾਰੀ ਨੂੰ ਬਾਬਾ ਫਰੀਦ ਆਗਮਨ ਪੁਰਬ ਦੇ ਸੱਭਿਆਚਾਰਕ ਸਮਾਗਮਾਂ ਦਾ ਮਹੱਤਵਪੂਰਨ ਹਿੱਸਾ ਦੱਸਿਆ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਡੀ) ਸੰਦੀਪ ਮਲਹੋਤਰਾ, ਐਸ.ਡੀ.ਐਮ. ਜੈਤੋ ਵਿਕਰਮਜੀਤ ਸਿੰਘ, ਤਹਿਸੀਲਦਾਰ ਪਰਮਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਟੇਜ ਸੰਚਾਲਨ ਦੀ ਭੂਮਿਕਾ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ।
ਹਿੰਦੂਸਥਾਨ ਸਮਾਚਾਰ / GURSHARAN SINGH