
ਬਟਾਲਾ, 22 ਸਤੰਬਰ (ਹਿੰ.ਸ.)| ਸ਼ਹਿਰ ਦੀ ਸੁੰਦਰਤਾ ਅਤੇ ਪਛਾਣ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਸ੍ਰੀ ਅੰਮ੍ਰਿਤਸਰ-ਬਟਾਲਾ ਬਾਈਪਾਸ ’ਤੇ ਬਟਾਲਾ ਦੇ ਪ੍ਰਵੇਸ਼ ਦੁਆਰ ’ਤੇ ਬਣਾਏ ਜਾਣ ਵਾਲੇ ਸ਼ਾਨਦਾਰ ਐਂਟਰੀ ਗੇਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੇਅਰ ਭੁਪਿੰਦਰ ਸਿੰਘ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਪ੍ਰਧਾਨ ਵੀਨੂੰ ਕਾਹਲੋਂ, ਲਾਇਨ ਰਾਜੀਵ ਵਿੱਗ, ਸੀਨੀਅਰ ਆਗੂ ਪਰਦੀਪ ਕੁਮਾਰ, ਅਮਰੀਕ ਸਿੰਘ ਲੰਬੜਦਾਰ, ਦਾਸ ਕਰਨ ਸੰਧੂ ਸਮੇਤ ਸ਼ਹਿਰ ਵਾਸੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਪ੍ਰਸਤਾਵਿਤ ਐਂਟਰੀ ਗੇਟ ਬਟਾਲਾ ਦੀ ਇਤਿਹਾਸਕ, ਧਾਰਮਿਕ ਅਤੇ ਉਦਯੋਗਿਕ ਵਿਰਾਸਤ ਨੂੰ ਦਰਸਾਉਣ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਇਹ ਗੇਟ ਬਟਾਲਾ ਦੀ ਵਿਲੱਖਣ ਪਛਾਣ ਨਾਲ ਜਾਣੂ ਕਰਵਾਏਗਾ ਅਤੇ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਕਰੇਗਾ।
ਉਨ੍ਹਾਂ ਦੱਸਿਆ ਕਿ ਗੇਟ ਦਾ ਡਿਜ਼ਾਇਨ ਆਧੁਨਿਕ ਤਕਨੀਕ ਅਤੇ ਰਵਾਇਤੀ ਕਲਾ ਦੇ ਸੁਮੇਲ ਨਾਲ ਤਿਆਰ ਕੀਤਾ ਜਾਵੇਗਾ। ਰਾਤ ਸਮੇਂ ਗੇਟ ਨੂੰ ਆਕਰਸ਼ਕ ਰੋਸ਼ਨੀ ਨਾਲ ਸਜਾਇਆ ਜਾਵੇਗਾ, ਜਿਸ ਨਾਲ ਇਹ ਬਾਈਪਾਸ ਤੋਂ ਹੀ ਦੂਰੋਂ ਨਜ਼ਰ ਆਵੇਗਾ।
ਸ਼ਹਿਰ ਵਾਸੀਆਂ ਨੇ ਪ੍ਰੋਜੈਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਬਟਾਲਾ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੀ ਪਛਾਣ ਨੂੰ ਉਭਾਰਨ ਵਾਲੇ ਅਜਿਹੇ ਪ੍ਰੋਜੈਕਟ ਮਹੱਤਵਪੂਰਨ ਹਨ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਐਂਟਰੀ ਗੇਟ ਨਾਲ ਸ਼ਹਿਰ ਨੂੰ ਨਵੀਂ ਪਛਾਣ ਮਿਲੇਗੀ। ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੇ ਨਿਰਮਾਣ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH