
ਫਾਜ਼ਿਲਕਾ 2 ਨਵੰਬਰ (ਹਿੰ. ਸ.)। ਐਸ.ਡੀ.ਐਮ. ਜਲਾਲਾਬਾਦ ਕੰਵਰਜੀਤ ਸਿੰਘ ਮਾਨ ਅਤੇ ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਪਾਲ ਕੌਰ ਵੱਲੋਂ ਸਾਂਝੇ ਤੌਰ 'ਤੇ ਪਿੰਡ ਬਾਹਮਣੀ ਵਾਲਾ ਦਾ ਦੌਰਾ ਕਰਦਿਆਂ ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਬਿਨਾਂ ਅੱਗ ਲਗਾਏ ਨਿਬੇੜਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਹਨ, ਅਨੇਕਾਂ ਪਿੰਡਾਂ ਦੇ ਕਿਸਾਨ ਵੀਰਾਂ ਤੋਂ ਸਹਿਯੋਗ ਮਿਲ ਰਿਹਾ ਹੈ।
ਐਸ.ਡੀ.ਐਮ. ਜਲਾਲਾਬਾਦ ਨੇ ਕਿਹਾ ਕਿ ਉਹ ਲਗਾਤਾਰ ਕਿਸਾਨ ਵੀਰਾਂ ਨਾਲ ਤਾਲਮੇਲ ਕਾਇਮ ਕਰ ਰਹੇ ਹਨ ਤਾਂ ਜੋ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੇ ਰਾਖੇ ਬਣਨ ਤੇ ਪਰਾਲੀ ਦਾ ਖੇਤੀਬਾੜੀ ਸੰਦਾ ਰਾਹੀਂ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਕਲਸਟਰ ਅਫਸਰ, ਖੇਤੀਬਾੜੀ ਵਿਭਾਗ ਦੇ ਨੋਡਲ ਅਫਸਰ ਸਮੇਤ ਟੀਮਾਂ ਨੂੰ ਪਿੰਡਾਂ ਵਿਚ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਕਿਸਾਨ ਵੀਰਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਅਨੁਸਾਰ ਪਰਾਲੀ ਦੀ ਵਰਤੋਂ ਕਰਕੇ ਫਸਲ ਦੀ ਬਿਜਾਈ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇ।
ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਪਾਲ ਕੌਰ ਨੇ ਪਿੰਡ ਕੀੜਿਆਂ ਵਾਲੀ, ਪੁੰਨਾ ਵਾਲਾ, ਹੌਜ ਖਾਸ, ਹੌਜ ਗੰਦੜ, ਚਿਮਨੇ ਵਾਲਾ, ਚੱਕ ਪੱਖੀ, ਘਟਿਆ ਵਾਲਾ, ਚੱਕ ਦੁਮਾਲ, ਲਖੇ ਵਾਲੀ ਆਦਿ ਪਿੰਡਾਂ ਦਾ ਦੌਰਾ ਕਰਕੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸੁਪਰ ਸੀਡਰ, ਹੈਪੀ ਸੀਡਰ, ਐਮ.ਬੀ.ਪਲੇਅ ਆਦਿ ਸੰਦਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੀ ਸਲਾਹ ਦਿੱਤੀ ਅਤੇ ਬੇਲਰ ਨਾਲ ਪਰਾਲੀ ਦੀ ਗੰਢਾ ਬਣਾ ਕੇ ਪਰਾਲੀ ਦੀ ਸਾਂਭ ਸੰਭਾਲ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਦੂਸ਼ਿਤ ਹੁੰਦਾ ਹੀ ਹੈ ਨਾਲ ਹੀ ਸਾਹ ਦੀਆ ਬੀਮਾਰੀਆ ਵੀ ਫੈਲਦੀਆਂ ਹਨ ਅਤੇ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਵਿਚਲੇ ਖੁਰਾਕੀ ਤੱਤ ਵੀ ਨਸ਼ਟ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਸਿਧਾ ਫਸਲ ਦੀ ਬਿਜਾਈ ਕਰਨ ਨਾਲ ਅਸੀਂ ਵਾਤਾਵਰਣ ਨੂੰ ਸ਼ੁਧ ਰੱਖਣ ਵਿਚ ਸਹਾਈ ਬਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਰਾਲੀ ਕਿਸਾਨਾਂ ਲਈ ਬੇਹੱਦ ਫਾਇਦੇਮੰਦ ਹੈ, ਜੋ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ’ਚ ਅਹਿਮ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ ਅਤੇ ਇਸ ਰੁਝਾਨ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਦੀ ਫੈਲਾਈ ਗਈ ਜਾਗਰੂਕਤਾ ਦੇ ਮਦੇਨਜਰ ਕਿਸਾਨ ਵੀਰ ਪਰਾਲੀ ਨਾ ਸਾੜ ਕੇ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਫਸਲ ਦੀ ਬਿਜਾਈ ਕਰ ਰਹੇ ਹਨ। ਇਸੇ ਤਹਿਤ ਮੁੱਖ ਖੇਤੀਬਾੜੀ ਅਫਸਰ ਨੇ ਆਪਣੀ ਹਾਜਰੀ ਵਿਚ ਚਿਮਨੇ ਵਾਲਾ ਵਿਚ 10 ਏਕੜ ਵਿਚ ਸੁਪਰਸੀਡਰ ਨਾਲ ਫਸਲ ਦੀ ਬਿਜਾਈ ਕਰਵਾਈ।
ਉਨ੍ਹਾਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਕਣਕ ਦੀ ਕਿਸਮ ਪੀ.ਬੀ.ਡਬਲਿਓ 826 ਦੀ ਬਿਜਾਈ ਕਰਵਾਈ। ਉਨ੍ਹਾਂ ਕਿਹਾ ਕਿ ਮਾਹਿਰਾਂ ਅਨੁਸਾਰ ਖੇਤੀਬਾੜੀ ਸੰਦ ਸੁਪਰਸੀਡਰ ਦੇ ਰਾਹੀਂ ਪਰਾਲੀ ਨੂੰ ਜਮੀਨ ਵਿਚ ਵਹਾ ਕੇ ਬਿਜਾਈ ਕਰਨ ਨਾਲ ਫਸਲ ਦਾ ਝਾੜ ਵੀ ਵਧੀਆ ਪ੍ਰਾਪਤ ਹੋਵੇਗਾ ਤੇ ਪਰਾਲੀ ਦਾ ਸੁਯੋਗ ਤਰੀਕੇ ਨਾਲ ਨਿਪਟਾਰਾ ਵੀ ਸੰਭਵ ਹੋ ਸਕਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ