ਸਾਲ 2025 ਦੌਰਾਨ ਸੰਗਰੂਰ ਪੁਲਿਸ ਨੇ 895 ਮੁਕੱਦਮੇ ਦਰਜ ਕਰਕੇ 1313 ਦੋਸ਼ੀ ਕੀਤੇ ਕਾਬੂ
ਸੰਗਰੂਰ, 31 ਦਸੰਬਰ (ਹਿੰ. ਸ.)। ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਸਾਲ 2025 ਦੌਰਾਨ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਡਰੱਗ ਦੇ 895 ਮੁਕੱਦਮੇ ਦਰਜ ਕਰਕੇ 1313 ਦੋਸ਼ੀ ਕਾਬੂ ਕਰਕੇ 14 ਕਿੱਲੋ 602 ਗ੍ਰਾਮ ਹੈਰੋਇਨ, 6 ਕਿੱਲੋ
ਐਸ ਐਸ ਪੀ ਸੰਗਰੂਰ ਜਾਣਕਾਰੀ ਦਿੰਦੇ ਹੋਏ.


ਸੰਗਰੂਰ, 31 ਦਸੰਬਰ (ਹਿੰ. ਸ.)। ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਸਾਲ 2025 ਦੌਰਾਨ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਡਰੱਗ ਦੇ 895 ਮੁਕੱਦਮੇ ਦਰਜ ਕਰਕੇ 1313 ਦੋਸ਼ੀ ਕਾਬੂ ਕਰਕੇ 14 ਕਿੱਲੋ 602 ਗ੍ਰਾਮ ਹੈਰੋਇਨ, 6 ਕਿੱਲੋ 607 ਗ੍ਰਾਮ ਅਫ਼ੀਮ, 2039 ਕਿੱਲੋ 780 ਗ੍ਰਾਮ ਭੁੱਕੀ ਚੂਰਾ ਪੋਸਤ, 444 ਗ੍ਰਾਮ ਚਰਸ, 42 ਕਿੱਲੋ 213 ਗ੍ਰਾਮ ਸੁਲਫਾ/ਗਾਂਜਾ, 660 ਗ੍ਰਾਮ ਨਸ਼ੀਲਾ ਪਾਊਡਰ, 48701 ਨਸ਼ੀਲੀਆਂ ਗੋਲੀਆਂ, 95 ਨਸ਼ੀਲੀਆਂ ਸ਼ੀਸ਼ੀਆਂ, 52 ਨਸ਼ੀਲੇ ਟੀਕੇ ਅਤੇ 19,60,710/- ਰੁਪਏ ਡਰੱਗ ਮਨੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਐਨ.ਡੀ.ਪੀ.ਐਸ ਐਕਟ ਦੇ 11 ਸਮਗਲਰਾਂ ਦੀ ਕੁੱਲ 4,29,47,026/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ ਅਤੇ 32 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਬਣਾਈ ਨਜਾਇਜ਼ ਉਸਾਰੀ ਬੁਲਡੋਜ਼ਰ ਚਲਾ ਕੇ ਢਾਹ ਦਿੱਤੀ ਗਈ। ਐਨ.ਡੀ.ਪੀ.ਐਸ ਐਕਟ ਦੇ 96 ਮੁਕੱਦਮਿਆਂ ਵਿੱਚ 1 ਕਿੱਲੋ 375 ਗ੍ਰਾਮ ਹੈਰੋਇਨ, 388 ਕਿੱਲੋ ਭੁੱਕੀ ਚੂਰਾ ਪੋਸਤ, 32 ਕਿੱਲੋ 755 ਗ੍ਰਾਮ ਗਾਂਜਾ/ਸੁਲਫਾ, 160 ਗ੍ਰਾਮ ਨਸ਼ੀਲਾ ਪਾਊਡਰ, 1000 ਨਸ਼ੀਲੇ ਟੀਕੇ ਅਤੇ 4910 ਨਸ਼ੀਲੀਆਂ ਗੋਲੀਆਂ ਤਲਫ ਕਰਵਾਈਆਂ ਗਈਆਂ।

ਐਸ.ਐਸ.ਪੀ. ਨੇ ਦੱਸਿਆ ਕਿ ਨਸ਼ੇ ਦਾ ਸੇਵਨ ਕਰਨ ਵਾਲੇ 2434 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਦਾਖਲ/ਦਵਾਈ ਦਿਵਾਈ ਗਈ। ਨਸ਼ੇ ਦੀ ਰੋਕਥਾਮ ਲਈ 2670 ਜਾਗਰੂਕ ਸੈਮੀਨਾਰ/ਮੀਟਿੰਗਾਂ ਕੀਤੀਆਂ ਗਈਆਂ ਅਤੇ “ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ” ਦੇ ਬੈਨਰ ਹੇਠ 01 ਐਂਟੀ ਡਰੱਗ ਕੰਪੇਨ ਤੇ ਅਥਲੈਟਿਕਸ ਮੀਟ ਕਰਵਾਈ ਗਈ।

ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 407 ਮੁਕੱਦਮੇ ਦਰਜ ਕਰਕੇ 421 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 6734.625 ਲੀਟਰ ਸ਼ਰਾਬ ਠੇਕਾ ਦੇਸੀ, 1032 ਲੀਟਰ ਸ਼ਰਾਬ ਨਜਾਇਜ਼, 199.500 ਲੀਟਰ ਸ਼ਰਾਬ ਅੰਗਰੇਜ਼ੀ, 500 ਲੀਟਰ ਸਪਰਿਟ, 5.750 ਲੀਟਰ ਬੀਅਰ ਅਤੇ 12300 ਲੀਟਰ ਲਾਹਣ ਬਰਾਮਦ ਕਰਵਾਈ ਗਈ। ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 24 ਮੁਕੱਦਮੇ ਦਰਜ ਕਰਕੇ 35 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਪਾਸੋਂ 30 ਪਿਸਟਲ/ਰਿਵਾਲਵਰ, 77 ਕਾਰਤੂਸ ਅਤੇ 08 ਮੈਗਜ਼ੀਨ ਬਰਾਮਦ ਕਰਵਾਏ ਗਏ। ਜੂਆ ਐਕਟ ਤਹਿਤ 25 ਮੁਕੱਦਮੇ ਦਰਜ ਕਰਕੇ 50 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1,50,810/- ਰੁਪਏ ਬਰਾਮਦ ਕਰਵਾਏ ਗਏ।

ਸਾਲ 2025 ਦੌਰਾਨ 02 ਅੰਨ੍ਹੇ ਕਤਲ ਕੇਸ ਟਰੇਸ ਕੀਤੇ ਗਏ, ਚੋਰੀਸ਼ੁਦਾ 133 ਵਹੀਕਲ ਬਰਾਮਦ ਕਰਵਾਏ ਗਏ। ਪਬਲਿਕ ਦੀ ਸੁਣਵਾਈ ਕਰਦੇ ਹੋਏ ਕੁੱਲ 8635 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕੁੱਲ 119 ਭਗੌੜੇ (POs) ਗ੍ਰਿਫ਼ਤਾਰ ਕੀਤੇ ਗਏ।

ਸਾਈਬਰ ਫਰਾਡ ਦੇ ਸਬੰਧ ਵਿੱਚ 1086 ਦਰਖਾਸਤਾਂ ਦਾ ਨਿਪਟਾਰਾ ਕਰਕੇ 1,48,49,200/- ਰੁਪਏ ਬਰਾਮਦ ਕਰਵਾਏ ਗਏ। ਆਮ ਪਬਲਿਕ ਦੇ ਵੱਖ-ਵੱਖ ਸਮੇਂ ਪਰ ਗੁੰਮ ਹੋਏ, 580 ਮੋਬਾਇਲ ਫ਼ੋਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ।

ਜ਼ਿਲ੍ਹਾ ਪੁਲਿਸ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੀਤੀ ਗਈ ਵਧੀਆ ਕਾਰਗੁਜ਼ਾਰੀ ਦੇ ਸਬੰਧ ਵਿੱਚ ਗਜ਼ਟਿਡ ਅਫਸਰਾਨ ਨੂੰ 121 ਪ੍ਰਸੰਸਾ ਪੱਤਰ, ਅਧਿਕਾਰੀਆਂ/ਕਰਮਚਾਰੀਆਂ ਨੂੰ 198 ਡੀ.ਜੀ.ਪੀ. ਡਿਸਕਾਂ, 01 ਸੀ.ਐਮ ਮੈਡਲ, 09 ਲੋਕਲ ਰੈਂਕ ਅਤੇ 12124 ਪ੍ਰਸੰਸਾ ਪੱਤਰ ਅਤੇ 13,58,000/- ਰੁਪਏ ਦੇ ਨਗਦ ਇਨਾਮ ਪ੍ਰਦਾਨ ਕਰਵਾਏ ਗਏ।

ਪੁਲਿਸ ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਵਿੱਚ ਤੈਰਾਕੀ, ਸਕੇਟਿੰਗ, ਬਾਕਸਿੰਗ, ਸ਼ੂਟਿੰਗ, ਅਥਲੈਟਿਕਸ, ਵਾਲੀਬਾਲ, ਬੈਡਮਿੰਟਨ ਨਾਲ ਸਬੰਧਤ ਕਰੀਬ 550 ਬੱਚੇ ਪ੍ਰੈਕਟਿਸ ਕਰਦੇ ਹਨ। ਇਨ੍ਹਾਂ ਬੱਚਿਆਂ ਵੱਲੋਂ ਸਾਲ 2025 ਦੌਰਾਨ ਨੈਸ਼ਨਲ ਪੱਧਰ ਅਤੇ ਪੰਜਾਬ ਪੱਧਰ ਪਰ ਤੈਰਾਕੀ ਵਿੱਚੋਂ 151 ਮੈਡਲ, ਸਕੇਟਿੰਗ ਵਿੱਚੋਂ 180 ਮੈਡਲ, ਅਥਲੈਟਿਕਸ ਵਿੱਚੋਂ 39 ਮੈਡਲ, ਰਾਈਫ਼ਲ ਸ਼ੂਟਿੰਗ ਵਿੱਚੋਂ 30, ਕਬੱਡੀ ਵਿੱਚੋਂ 49 ਮੈਡਲ, ਬਾਕਸਿੰਗ ਵਿੱਚੋਂ 25 ਮੈਡਲ, ਵਾਲੀਬਾਲ ਵਿੱਚੋਂ 19 ਮੈਡਲ, ਬੈਡਮਿੰਟਨ ਵਿੱਚੋਂ 25, ਕੁੱਲ 518 ਮੈਡਲ ਹਾਸਲ ਕੀਤੇ ਗਏ ਹਨ। ਪੁਲਿਸ ਲਾਇਨ ਸੰਗਰੂਰ ਵਿਖੇ ਗਰਾਊਂਡਾਂ ਵਿੱਚ ਪ੍ਰੈਕਟਿਸ ਕਰਕੇ 17 ਬੱਚਿਆਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਅਤੇ ਕਾਫ਼ੀ ਬੱਚਿਆਂ ਨੂੰ ਸਪੋਰਟਸ ਕੋਟੇ ਵਿੱਚ ਵੱਡੇ ਕੋਰਸਾਂ ਵਿੱਚ ਦਾਖਲਾ ਮਿਲ ਚੁੱਕਾ ਹੈ।

ਸਰਤਾਜ ਸਿੰਘ ਚਾਹਲ ਵੱਲੋਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਨਵੇਂ ਸਾਲ 2026 ਦੀ ਆਮਦ ਸਬੰਧੀ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਪਣੀ ਡਿਊਟੀ ਤਨਦੇਹੀ, ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਦੇ ਨਾਲ ਨਾਲ ਪਬਲਿਕ ਦੀਆਂ ਮੁਸ਼ਕਲਾਂ ਦਾ ਬਿਨ੍ਹਾ ਕਿਸੇ ਪੱਖਪਾਤ ਤੋਂ ਪਹਿਲ ਦੇ ਅਧਾਰ ਤੇ ਹੱਲ ਕਰਨ ਅਤੇ ਪਬਲਿਕ ਨਾਲ ਚੰਗਾ ਵਿਵਹਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande