ਡਾ. ਨਵਜੋਤ ਕੌਰ ਸਿੱਧੂ ਨੇ 2027 ਚੋਣਾਂ ‘ਚ ਭਾਰਤੀ ਰਾਸ਼ਟਰਵਾਦੀ ਪਾਰਟੀ ਤੋਂ ਲੜਨ ਦਾ ਕੀਤਾ ਐਲਾਨ
ਕਿਸਾਨਾਂ ਲਈ ਅਫੀਮ ਦੀ ਖੇਤੀ ਦੀ ਗੱਲ, ਨੌਜਵਾਨਾਂ ਲਈ ਨਵੀਂ ਨੀਤੀ ਅਤੇ ਡਰੱਗ ਮਸਲੇ ‘ਤੇ ਅਲੱਗ ਰਵੱਈਆ
ਪੱਤਰਕਾਰਾਂ ਨਾਲ ਗੱਲਬਾਤ ਕਰਦੇਹੋਏ ਨਵਜੋਤ ਕੌਰ ਸਿੱਧੂ।


ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)|

ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸੀਨਿਅਰ ਲੀਡਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਰਾਸ਼ਟਰਵਾਦੀ ਪਾਰਟੀ ਤੋਂ ਲੜਨਗੇ। ਇਹ ਐਲਾਨ ਉਨ੍ਹਾਂ ਨੇ ਬੁੱਧਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਪਾਰਟੀ ਪਿਛਲੇ 9 ਸਾਲਾਂ ਤੋਂ ਦੇਸ਼ ਵਿੱਚ ਸਰਗਰਮ ਹੈ ਅਤੇ ਹੁਣ ਪੰਜਾਬ ਵਿੱਚ ਵੀ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਉਤਰੇਗੀ। ਡਾ. ਨਵਜੋਤ ਕੌਰ ਨੇ ਕਿਹਾ ਕਿ ਵੱਡੀਆਂ ਪਾਰਟੀਆਂ ਤੋਂ ਚੋਣ ਲੜਨ ਲਈ ਵੱਡੇ ਪੈਸੇ ਦੀ ਲੋੜ ਹੁੰਦੀ ਹੈ, ਜੋ ਉਹ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਇਹ ਪੈਸਾ ਲੋਕਾਂ ਦੀ ਭਲਾਈ ‘ਤੇ ਖਰਚਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਵੀ ਕਈ ਲੋਕ ਉਨ੍ਹਾਂ ਦੇ ਸਮਰਥਨ ਕਰਨ ਲਈ ਤਿਆਰ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਰਾਸ਼ਟਰਵਾਦੀ ਪਾਰਟੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਹਰ ਮੰਤਰੀ ਨੂੰ ਇੱਕ ਮਹੀਨੇ ਵਿੱਚ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਦੇਣੀ ਪਵੇਗੀ ਅਤੇ ਕੈਬਨਿਟ ਵਿੱਚ ਸਿਰਫ਼ ਤਜਰਬੇਕਾਰ ਲੋਕਾਂ ਨੂੰ ਹੀ ਜਗ੍ਹਾ ਦਿੱਤੀ ਜਾਵੇਗੀ। ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਬਾਰੇ ਵੀ ਸੋਚ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਵਾਧੂ ਆਮਦਨ ਦਾ ਸਰੋਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਜਿਸ ਵਿਭਾਗ ਦੀ ਸਮਝ ਹੋਵੇਗੀ, ਉਸਨੂੰ ਉਹੀ ਜ਼ਿੰਮੇਵਾਰੀ ਦਿੱਤੀ ਜਾਵੇਗੀ।

ਨੌਜਵਾਨਾਂ ਲਈ ਆਪਣੀ ਯੋਜਨਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਹਰ ਘਰ ਵਿੱਚ ਤਣਾਅ ਵੱਧ ਰਿਹਾ ਹੈ ਅਤੇ ਮਨੋਵਿਗਿਆਨਕ ਮਾਹਿਰਾਂ ਦੀ ਘਾਟ ਹੈ। ਇਸ ਲਈ ਉਨ੍ਹਾਂ ਦੀ ਪਾਰਟੀ ਕਾਊਂਸਲਿੰਗ ਸਿਸਟਮ ਨੂੰ ਮਜ਼ਬੂਤ ਕਰੇਗੀ ਤਾਂ ਜੋ ਕੋਈ ਵੀ ਨੌਜਵਾਨ ਡਿਪ੍ਰੈਸ਼ਨ ਵਿੱਚ ਨਾ ਜਾਵੇ। ਉਨ੍ਹਾਂ ਇੱਕ ਨਵਾਂ ਸੁਝਾਅ ਵੀ ਦਿੱਤਾ ਕਿ ਨੌਜਵਾਨਾਂ ਨੂੰ ਮੋਬਾਈਲ ਦਾ ਸਹੀ ਉਪਯੋਗ ਸਿਖਾਇਆ ਜਾਵੇਗਾ। ਜੇ ਕੋਈ ਵਿਅਕਤੀ ਗਲਤ ਪਾਰਕਿੰਗ ਕਰਦਾ ਹੈ ਜਾਂ ਕੂੜਾ ਸੁੱਟਦਾ ਹੈ, ਤਾਂ ਨੌਜਵਾਨ ਉਸਦੀ ਤਸਵੀਰ ਖਿੱਚ ਕੇ ਸਰਕਾਰ ਨੂੰ ਭੇਜ ਸਕਦੇ ਹਨ। ਉਸ ‘ਤੇ ਲੱਗਣ ਵਾਲੇ ਜੁਰਮਾਨੇ ਵਿੱਚੋਂ 50 ਫੀਸਦੀ ਰਕਮ ਨੌਜਵਾਨ ਨੂੰ ਦਿੱਤੀ ਜਾਵੇਗੀ, ਜਿਸ ਨਾਲ ਉਹਨਾਂ ਨੂੰ ਆਮਦਨ ਦਾ ਸਰੋਤ ਮਿਲੇਗਾ।

ਰਾਜਨੀਤਿਕ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਰਾਘਵ ਚੱਢਾ ਇੱਕ ਚੰਗੇ ਇਨਸਾਨ ਹਨ ਅਤੇ ਉਨ੍ਹਾਂ ਨੇ ਲੋਕਾਂ ਦੇ ਮੁੱਦੇ ਠੀਕ ਢੰਗ ਨਾਲ ਉਠਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਅਜੇ ਵੀ ਉਨ੍ਹਾਂ ਦੀ ਭੈਣ ਵਰਗੀ ਹੈ ਅਤੇ ਜੇ ਉਹ ਚੰਗਾ ਕੰਮ ਕਰੇਗੀ ਤਾਂ ਉਹ ਉਸਦੀ ਪ੍ਰਸ਼ੰਸਾ ਕਰਨਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਸਿਹਤ ਵਿਭਾਗ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਉਹ ਅਕਾਲੀ ਦਲ ਨਾਲ ਵੀ ਡਟ ਕੇ ਲੜੀ ਹਾਂ ਅਤੇ ਕਈ ਵਾਰ ਆਪਣੀ ਹੀ ਸਰਕਾਰ ਦੇ ਖਿਲਾਫ ਵੀ ਬੈਠੀ ਹਾਂ।

ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਕਿਸੇ ਵੀ ਪਾਰਟੀ ਨਾਲ ਨਹੀਂ ਜੁੜੇ ਹੋਏ ਹਨ ਅਤੇ 2022 ਤੋਂ ਬਾਅਦ ਉਨ੍ਹਾਂ ਨੂੰ ਕਿਸੇ ਪਾਰਟੀ ਨੇ ਸੰਪਰਕ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਪੰਜਾਬ ਵਿੱਚ ਮਜ਼ਬੂਤ ਵਿਕਲਪ ਵਜੋਂ ਉਭਰੇਗੀ। ਉਨ੍ਹਾਂ ਕਿਹਾ ਅਸੀਂ ਜਿੱਤਣ ਲਈ ਆਏ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਲਹਿਰ ਬਣਾਉਣ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਰਿਹਾ ਹੈ ਅਤੇ ਹੁਣ ਉਹ ਇੱਕ ਨਵੀਂ ਰਾਜਨੀਤਿਕ ਦਿਸ਼ਾ ਦੇਣ ਲਈ ਤਿਆਰ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande