ਮੋਹਾਲੀ ‘ਚ ਪਾਣੀ ਦੀ ਬਰਬਾਦੀ ‘ਤੇ ਨਿਗਮ ਸਖ਼ਤ, ਨਗਰ ਨਿਗਮ ਦੀ ਆਖਰੀ ਹਾਊਸ ਮੀਟਿੰਗ ‘ਚ ਏਜੰਡੇ ਪੇਸ਼
ਉਲੰਘਣਾ ‘ਤੇ ਕਨੈਕਸ਼ਨ ਕੱਟੇ ਜਾਣਗੇ, ਜੁਰਮਾਨਾ ਵੀ ਲੱਗੇਗਾ, ਸ਼ਹਿਰ ਦੇ ਕਈ ਇਲਾਕਿਆਂ ‘ਚ ਨਵੇਂ ਨਿਯਮ ਲਾਗੂ
ਨਗਰ ਨਿਗਮ ਮੋਹਾਲੀ ਦਾ ਬਾਹਰੀ ਦਿ੍ਸ਼।


ਮੋਹਾਲੀ, 09 ਅਪ੍ਰੈਲ (ਹਿੰ.ਸ.)| ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਪਾਣੀ ਦੀ ਕਮੀ ਤੋਂ ਨਜਿੱਠਣ ਲਈ ਮੋਹਾਲੀ ਨਗਰ ਨਿਗਮ ਨੇ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਨਿਗਮ ਵੱਲੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਤਹਿਤ ਨਿਯਮ ਤੋੜਨ ਵਾਲਿਆਂ ਦੇ ਪਾਣੀ ਦੇ ਸਿੱਧੇ ਕਨੈਕਸ਼ਨ ਕੱਟੇ ਜਾਣਗੇ ਅਤੇ ਦੁਬਾਰਾ ਕਨੈਕਸ਼ਨ ਜੋੜਨ ਲਈ ਭਾਰੀ ਜੁਰਮਾਨਾ ਅਤੇ ਹਲਫਨਾਮਾ ਦੇਣਾ ਲਾਜ਼ਮੀ ਹੋਵੇਗਾ। ਇਸ ਸਬੰਧੀ ਐਜੰਡਾ ਅੱਜ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ, ਜੋ ਇਸ ਕਾਰਜਕਾਲ ਦੀ ਆਖਰੀ ਮੀਟਿੰਗ ਵੀ ਹੈ। ਇਸ ਦੌਰਾਨ ਹੋਰ ਕਈ ਟੇਬਲ ਐਜੰਡੇ ਵੀ ਵਿਚਾਰ ਲਈ ਰੱਖੇ ਜਾਣਗੇ।

ਪਾਣੀ ਦੀ ਬਰਬਾਦੀ ਰੋਕਣ ਲਈ ਨਵੇਂ ਨਿਯਮ

ਨਿਗਮ ਨੇ ਸਪਸ਼ਟ ਕੀਤਾ ਹੈ ਕਿ ਘਰਾਂ ਦੇ ਬਗੀਚਿਆ ਜਾਂ ਬਾਗ ਵਿੱਚ ਪਾਈਪ ਨਾਲ ਪਾਣੀ ਲਗਾਉਣਾ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਪਾਈਪ ਨਾਲ ਗੱਡੀਆਂ ਧੋਣਾ, ਘਰ ਦੇ ਸਾਹਮਣੇ ਸੜਕ ਜਾਂ ਵਰਾਂਡਾ ਧੋਣਾ ਵੀ ਰੋਕਿਆ ਗਿਆ ਹੈ।

ਮੁੱਖ ਪਾਣੀ ਲਾਈਨ ਤੋਂ ਸਿੱਧਾ ਟੁੱਲੂ ਪੰਪ ਜਾਂ ਬੂਸਟਰ ਲਗਾ ਕੇ ਪਾਣੀ ਖਿੱਚਣਾ ਸਖ਼ਤ ਮਨਾਹੀ ਹੈ। ਘਰ ਦੇ ਅੰਦਰ ਪਾਈਪ ਲਾਈਨ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਨਹੀਂ ਹੋਣੀ ਚਾਹੀਦੀ।

ਛੱਤ ਉੱਤੇ ਟੈਂਕੀ ਜਾਂ ਕੂਲਰ ਵਿੱਚ ਪਾਈਪ ਲਗਾ ਕੇ ਪਾਣੀ ਭਰਨਾ ਅਤੇ ਓਵਰਫਲੋ ਹੋਣ ਦੇਣਾ ਵੀ ਉਲੰਘਣਾ ਮੰਨੀ ਜਾਵੇਗੀ।

ਚਾਰ ਪੜਾਵਾਂ ਵਿੱਚ ਜੁਰਮਾਨਾ ਅਤੇ ਕਾਰਵਾਈ

ਨਵੇਂ ਨਿਯਮਾਂ ਅਨੁਸਾਰ ਪਹਿਲੀ ਵਾਰ ਉਲੰਘਣਾ ਕਰਨ ‘ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ। ਦੂਜੀ ਵਾਰ ਇਹ ਰਕਮ 2000 ਰੁਪਏ ਹੋਵੇਗੀ ਅਤੇ ਇਹ ਪਾਣੀ ਦੇ ਬਿੱਲ ਨਾਲ ਜੋੜੀ ਜਾਵੇਗੀ।

ਤੀਜੀ ਵਾਰ ਨਿਯਮ ਤੋੜਨ ‘ਤੇ ਬਿਨਾਂ ਨੋਟਿਸ ਦੇ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਜੇਕਰ ਕੋਈ ਵਿਅਕਤੀ ਕਨੈਕਸ਼ਨ ਮੁੜ ਜੋੜਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ 5000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਅਤੇ ਲਿਖਤੀ ਹਲਫਨਾਮਾ ਦੇਣਾ ਪਵੇਗਾ ਕਿ ਅਗੇ ਤੋਂ ਪਾਣੀ ਦੀ ਬਰਬਾਦੀ ਨਹੀਂ ਕਰੇਗਾ।

ਇਨ੍ਹਾਂ ਇਲਾਕਿਆਂ ਵਿੱਚ ਲਾਗੂ ਹੋਣਗੇ ਨਿਯਮ

ਇਹ ਨਵੇਂ ਨਿਯਮ ਮੋਹਾਲੀ ਦੇ ਫੇਜ਼ 1 ਤੋਂ 11 ਤੱਕ, ਸੈਕਟਰ 70, 71, 48C, 65E ਅਤੇ ਸੈਕਟਰ 66 ਤੋਂ 80 ਤੱਕ ਲਾਗੂ ਹੋਣਗੇ। ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ ਫੇਜ਼ 1 ਤੋਂ 9 ਅਤੇ ਨਿਗਮ ਅਧੀਨ ਆਉਂਦੇ ਪਿੰਡਾਂ ਜਿਵੇਂ ਮਟੌਰ, ਸ਼ਾਹੀ ਮਾਜਰਾ, ਮਦਨਪੁਰਾ, ਸੋਹਾਣਾ, ਕੁੰਬੜਾ ਅਤੇ ਮੋਹਾਲੀ ਪਿੰਡ ਵੀ ਇਸ ਦੇ ਦਾਇਰੇ ਵਿੱਚ ਸ਼ਾਮਲ ਹਨ।

ਨਿਗਮ ਦਾ ਕਾਰਜਕਾਲ ਖਤਮ, ਲਾਗੂ ਹੋਵੇਗਾ ਐਡਮਿਨਿਸਟ੍ਰੇਟਰ ਰੂਲ

ਮੋਹਾਲੀ ਨਗਰ ਨਿਗਮ ਦਾ ਪੰਜ ਸਾਲਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਸਰਕਾਰ ਵੱਲੋਂ ਐਡਮਿਨਿਸਟ੍ਰੇਟਰ ਰੂਲ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਤੱਕ ਨਵੇਂ ਚੋਣਾਂ ਨਹੀਂ ਹੁੰਦੀਆਂ, ਨਿਗਮ ਕਮਿਸ਼ਨਰ ਪ੍ਰਸ਼ਾਸਨ ਸੰਭਾਲਣਗੇ। ਇਸ ਕਰਕੇ ਇਹ ਹਾਊਸ ਮੀਟਿੰਗ ਆਖਰੀ ਮੀਟਿੰਗ ਹੈ।

ਮੀਟਿੰਗ ਵਿੱਚ ਲੁਧਿਆਣਾ ਨਗਰ ਨਿਗਮ ਦੇ ਕਲਰਕ ਲਖਬੀਰ ਸਿੰਘ ਦਾ ਤਬਾਦਲਾ ਮੋਹਾਲੀ ਕਰਨ ਦਾ ਮਾਮਲਾ ਵੀ ਲਿਆਂਦਾ ਗਿਆ ਹੈ। ਦੂਜੇ ਪਾਸੇ ਡੰਪਿੰਗ ਗਰਾਊਂਡ ਦੇ ਮਸਲੇ ਨੂੰ ਲੈ ਕੇ ਵਿਰੋਧੀ ਪਾਰਸ਼ਦਾਂ ਵੱਲੋਂ ਹੰਗਾਮੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਕਿਉਂਕਿ ਪੰਜ ਸਾਲਾਂ ਦੇ ਕਾਰਜਕਾਲ ਦੇ ਬਾਵਜੂਦ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ। ਮੇਅਰ ਵੱਲੋਂ ਵੀ ਵਿਧਾਇਕ ਕੁਲਵੰਤ ਸਿੰਘ ‘ਤੇ ਮੋਹਾਲੀ ਦੇ ਵਿਕਾਸ ਨੂੰ ਲੈ ਕੇ ਰਾਜਨੀਤੀ ਕਰਨ ਦੇ ਦੋਸ਼ ਲਗਾਏ ਗਏ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande