
ਮੋਗਾ, 09 ਅਪ੍ਰੈਲ (ਹਿੰ.ਸ.)| ਮੋਗਾ ਪੁਲਿਸ ਨੇ ਲੁੱਟ ਅਤੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੀਆਂ ਚਾਰ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਮਹਿਲਾਵਾਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ ਅਤੇ ਝਾਂਸਾ ਦੇ ਕੇ ਉਨ੍ਹਾਂ ਤੋਂ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੀਆਂ ਸਨ।
ਥਾਣਾ ਸਿਟੀ-1 ਦੇ ਇੰਚਾਰਜ ਵਰੁਣ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ ਮਹਿਲਾਵਾਂ ਦੀ ਪਛਾਣ ਪ੍ਰਵੀਣ ਪਤਨੀ ਰਾਜ ਕੁਮਾਰ, ਪ੍ਰਵੀਣ ਉਰਫ ਆਸ਼ਾ ਪਤਨੀ ਵਿਕਰਮ, ਸੋਨੀਆ ਪਤਨੀ ਪਵਨ ਅਤੇ ਸੋਮਾ ਪਤਨੀ ਖੇਰਤ ਵਜੋਂ ਹੋਈ ਹੈ। ਇਹ ਸਾਰੀਆਂ ਫਿਰੋਜ਼ਪੁਰ ਖੇਤਰ ਦੀਆਂ ਰਹਿਣ ਵਾਲੀਆਂ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਦੋਸ਼ਣਾਂ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਰਹੀਆਂ ਹਨ ਅਤੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਇਹ ਮਹਿਲਾਵਾਂ ਇੱਕ ਸੰਗਠਿਤ ਗਿਰੋਹ ਵਜੋਂ ਕੰਮ ਕਰ ਰਹੀਆਂ ਸਨ। 8 ਅਪ੍ਰੈਲ 2026 ਦੀ ਰਾਤ ਕਰੀਬ 10:55 ਵਜੇ ਇੱਕ ਭਰੋਸੇਯੋਗ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜੋਗਿੰਦਰ ਚੌਕ ਇਲਾਕੇ ਵਿੱਚ ਛਾਪੇਮਾਰੀ ਕੀਤੀ। ਮੋਗਾ ਬੱਸ ਸਟੈਂਡ ਦੇ ਨੇੜੇ ਤੋਂ ਚਾਰਾਂ ਮਹਿਲਾਵਾਂ ਨੂੰ ਕਾਬੂ ਕੀਤਾ ਗਿਆ। ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਦੋਸ਼ੀਆਂ ਨਾਲ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕੇ। ਪੁਲਿਸ ਅਧਿਕਾਰੀਆਂ ਮੁਤਾਬਕ ਚਾਰਾਂ ਦੋਸ਼ੀਆਂ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH