
ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਯੂ.ਪੀ.ਐਸ.ਸੀ., ਐਚ.ਪੀ.ਐਸ.ਸੀ. ਅਤੇ ਜੁਡੀਸ਼ਰੀ ਦੇ ਪ੍ਰੀ-ਐਗਜ਼ਾਮ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਅਗਲੀ ਕੋਚਿੰਗ ਫੀਸ ਦੀ ਭਰਪਾਈ ਕਰਨ ਲਈ ਸੂਬਾ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੁਵਾ ਪ੍ਰਤਿਭਾ ਪ੍ਰੋਤਸਾਹਨ ਯੋਜਨਾ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਨੌਜਵਾਨਾਂ ਨੂੰ 25 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦੀ ਵਿੱਤੀ ਮਦਦ ਦਿੱਤੀ ਜਾਵੇਗੀ।
ਮੁੱਖ ਮੰਤਰੀ ਅੱਜ ਇੱਥੇ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਹਰਿਆਣਾ ਦੇ ਨਵ-ਨਿਯੁਕਤ ਨੌਜਵਾਨਾਂ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਸੰਕਲਪ-ਪੱਤਰ ਵਿੱਚ ਮੁੱਖ ਮੰਤਰੀ ਯੁਵਾ ਪ੍ਰਤਿਭਾ ਪ੍ਰੋਤਸਾਹਨ ਯੋਜਨਾ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ, ਜਿਸ ਨੂੰ ਹਕੀਕਤ ਵਿੱਚ ਉਤਾਰਦਿਆਂ। ਹੁਣ ਇਸ ਯੋਜਨਾ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ., ਐਚ.ਪੀ.ਐਸ.ਸੀ. ਅਤੇ ਜੁਡੀਸ਼ਰੀ ਦੇ ਪ੍ਰੀ-ਐਗਜ਼ਾਮ ਪਾਸ ਕਰਨ 'ਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੱਕ ਹੈ, ਉਨ੍ਹਾਂ ਦੇ ਬੱਚਿਆਂ ਨੂੰ 70 ਹਜ਼ਾਰ ਰੁਪਏ,1.80 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ 60 ਹਜ਼ਾਰ ਰੁਪਏ,1.80 ਲੱਖ ਤੋਂ 3 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ 50 ਹਜ਼ਾਰ ਰੁਪਏ, 3 ਲੱਖ ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚ ਯੂ.ਪੀ.ਐਸ.ਸੀ. ਅਤੇ ਐਚ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦਿੱਤੀ ਜਾਵੇਗੀ।
ਇਸ ਦੇ ਲਈ ਸ਼ਾਮ ਦੇ ਸੈਸ਼ਨ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਸੂਬੇ ਦੇ ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਪ੍ਰੀਖਿਆਵਾਂ ਵਿੱਚ ਸਫਲ ਹੋ ਸਕਣ।
ਨਾਇਬ ਸਿੰਘ ਸੈਣੀ ਨੇ ਇਸ ਮੌਕੇ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਦੀ ਸੋਚ, ਉਸ ਦੀਆਂ ਯੋਜਨਾਵਾਂ ਅਤੇ ਫੈਸਲੇ ਭਾਰਤ ਦੇ ਭਵਿੱਖ ਦੀ ਦਿਸ਼ਾ ਤੈਅ ਕਰਦੇ ਹਨ। ਉਨ੍ਹਾਂ ਦੇ ਫੈਸਲਿਆਂ ਨਾਲ ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਚੁਣੇ ਗਏ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਦਮ 'ਤੇ ਦੇਸ਼ ਦੀਆਂ ਸਰਵਉੱਚ ਸੇਵਾਵਾਂ ਦੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨਵ-ਨਿਯੁਕਤ ਨੌਜਵਾਨਾਂ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਆਸਾਨ ਨਹੀਂ ਹੁੰਦੀ।
ਲੱਖਾਂ ਨੌਜਵਾਨ ਇਸ ਪ੍ਰੀਖਿਆ ਵਿੱਚ ਬੈਠਦੇ ਹਨ, ਪਰ ਸਫਲ ਉਹੀ ਹੁੰਦੇ ਹਨ ਜੋ ਅਰਜੁਨ ਵਾਂਗ ਆਪਣੇ ਟੀਚੇ ਪ੍ਰਤੀ ਸਮਰਪਿਤ ਰਹਿੰਦੇ ਹਨ।
ਉਨ੍ਹਾਂ ਨੇ ਯੂ.ਪੀ.ਐਸ.ਸੀ. ਭਾਰਤੀ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ ਨਤੀਜਿਆਂ ਵਿੱਚ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੇ ਏਕਾਂਸ਼ ਢੁੱਲ ਸਮੇਤ ਹਰਿਆਣਾ ਦੇ ਸਫਲ 77 ਹੋਣਹਾਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਸਿਰਫ਼ ਇੱਕ ਨੌਕਰੀ ਨਹੀਂ ਹੈ, ਇਹ ਇੱਕ ਜ਼ਿੰਮੇਵਾਰੀ ਹੈ, ਇੱਕ ਕਰਤੱਵ ਹੈ ਅਤੇ ਇੱਕ ਸੇਵਾ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਅੱਜ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ। ਦੁਨੀਆ ਵਿੱਚ ਭਾਰਤ ਦੀ ਸਾਖ ਲਗਾਤਾਰ ਵਧ ਰਹੀ ਹੈ। ਸਾਡਾ ਦੇਸ਼ 'ਵਿਕਸਿਤ ਭਾਰਤ' ਦੇ ਟੀਚੇ ਵੱਲ ਵਧ ਰਿਹਾ ਹੈ। ਇਸ ਤਬਦੀਲੀ ਦਾ ਧੁਰਾ ਤੁਹਾਡੇ ਵਰਗੇ ਨੌਜਵਾਨ ਅਧਿਕਾਰੀ ਹਨ।
ਇਸ ਮੌਕੇ ਯੂ.ਪੀ.ਐਸ.ਸੀ. ਦੇ ਨਤੀਜਿਆਂ ਵਿੱਚ ਦੇਸ਼ ਵਿੱਚ ਤੀਜੇ ਸਥਾਨ 'ਤੇ ਆਉਣ ਵਾਲੇ ਏਕਾਂਸ਼ ਢੁੱਲ, ਛੇਵੇਂ ਰੈਂਕ 'ਤੇ ਆਈ ਜਿੰਨੀਆ ਅਰੋੜਾ ਤੋਂ ਇਲਾਵਾ ਨਵ-ਨਿਯੁਕਤ ਨੌਜਵਾਨ ਨਿਤੀਸ਼, ਸ਼ਗੁਨ ਮਹਿਰਾ ਅਤੇ ਸ਼ਿਖਾ ਨੇ ਵੀ ਆਪਣੇ ਟੀਚੇ ਤੱਕ ਪਹੁੰਚਣ ਦੀ ਆਪਣੀ ਯਾਤਰਾ ਸਾਂਝੀ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH