
ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)|
ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਵਜੰਮੇ ਬੱਚਿਆਂ ਅਤੇ ਮਾਵਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਦਾ ਅਸਰ ਅਬੋਹਰ ਦੇ ਇੱਕ ਸਧਾਰਣ ਪਰਿਵਾਰ ਦੀ ਜ਼ਿੰਦਗੀ ਵਿੱਚ ਸਾਫ਼ ਨਜ਼ਰ ਆਇਆ, ਜਿੱਥੇ ਚਾਰ ਮਹੀਨੇ ਦੀ ਦਿਲਜੋਤ ਨੂੰ 2.77 ਲੱਖ ਰੁਪਏ ਦਾ ਨਕਦੀ ਰਹਿਤ ਇਲਾਜ ਮਿਲਿਆ। ਯੋਜਨਾ ਦੀ ਸ਼ੁਰੂਆਤ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਲੋਕ ਇਲਾਜ ਬਾਰੇ ਸੋਚਣ, ਨਾ ਕਿ ਬਿੱਲਾਂ ਬਾਰੇ। ਇਹ ਗੱਲ ਹੁਣ ਜਮੀਨੀ ਪੱਧਰ ‘ਤੇ ਸੱਚ ਸਾਬਤ ਹੋ ਰਹੀ ਹੈ। ਦਿਲਜੋਤ, ਜੋ ਰਸ਼ਪ੍ਰੀਤ ਕੌਰ ਅਤੇ ਭਰਤ ਕੁਮਾਰ ਦੀ ਧੀ ਹੈ, ਨੂੰ ਗੰਭੀਰ ਸੰਕਰਮਣ ਅਤੇ ਵੈਂਟ੍ਰਿਕਿਊਲਰ ਸੈਪਟਲ ਡਿਫੈਕਟ (ਦਿਲ ਵਿੱਚ ਛੇਦ) ਦੀ ਬੀਮਾਰੀ ਪਾਈ ਗਈ ਸੀ।
ਉਸਦੇ ਮਾਪੇ ਉਸਨੂੰ ਬਠਿੰਡਾ ਦੇ ਹਸਪਤਾਲਾਂ ਵਿੱਚ ਇਲਾਜ ਲਈ ਲੈ ਕੇ ਗਏ, ਜਿੱਥੇ ਉਸਨੂੰ 24 ਘੰਟੇ ਵਿਸ਼ੇਸ਼ ਚਿਕਿਤਸਕ ਦੇਖਭਾਲ ਦਿੱਤੀ ਗਈ। ਭਰਤ ਕੁਮਾਰ, ਜੋ ਇੱਕ ਛੋਟਾ ਸੈਲੂਨ ਚਲਾਉਂਦੇ ਹਨ, ਨੇ ਦੱਸਿਆ ਕਿ ਇਲਾਜ ਦਾ ਖਰਚਾ ਉਨ੍ਹਾਂ ਲਈ ਅਸੰਭਵ ਸੀ, ਪਰ ਸਿਹਤ ਕਾਰਡ ਹੇਠ ਸਾਰਾ ਖਰਚਾ ਕਵਰ ਹੋ ਗਿਆ ਅਤੇ ਉਹਨਾਂ ਨੂੰ ਕੋਈ ਆਰਥਿਕ ਬੋਝ ਨਹੀਂ ਝੱਲਣਾ ਪਿਆ। ਇਹ ਯੋਜਨਾ ਯਕੀਨੀ ਬਣਾਉਂਦੀ ਹੈ ਕਿ ਹਰ ਮਾਂ ਅਤੇ ਨਵਜੰਮੇ ਬੱਚੇ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮਿਲੇ। ਇਹ ਸਹੂਲਤ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਜਨਮ ਦੇ ਪਹਿਲੇ ਘੰਟਿਆਂ ਤੋਂ ਹੀ ਉਪਲਬਧ ਹੈ, ਜਿਸ ਨਾਲ ਤੁਰੰਤ ਇਲਾਜ ਸੰਭਵ ਬਣਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮਾਂ ਚਲਾ ਰਹੀ ਹੈ ਤਾਂ ਜੋ ਪਰਿਵਾਰ ਸਮੇਂ ‘ਤੇ ਜਾਂਚ ਅਤੇ ਇਲਾਜ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ 6,000 ਤੋਂ ਵੱਧ ਨਵਜੰਮੇ ਬੱਚਿਆਂ ਦਾ ਇਲਾਜ ਇਸ ਯੋਜਨਾ ਹੇਠ ਕੀਤਾ ਗਿਆ ਹੈ। ਯੋਜਨਾ ਹੇਠ ਘੱਟ ਵਜ਼ਨ ਵਾਲੇ ਜਨਮ, ਸਮੇਂ ਤੋਂ ਪਹਿਲਾਂ ਜਨਮ, ਪੀਲੀਆ, ਸੰਕਰਮਣ ਅਤੇ ਸਾਂਹ ਦੀਆਂ ਸਮੱਸਿਆਵਾਂ ਵਰਗੀਆਂ ਗੰਭੀਰ ਸਥਿਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਬੱਚਿਆਂ ਦੀ ਸਿਹਤ ਸੁਧਰ ਰਹੀ ਹੈ, ਸਗੋਂ ਮਾਵਾਂ ਦੀ ਜਣੇਪੇ ਤੋਂ ਬਾਅਦ ਦੀ ਦੇਖਭਾਲ ਵੀ ਮਜ਼ਬੂਤ ਹੋ ਰਹੀ ਹੈ।
ਹੋਰ ਮਾਮਲਿਆਂ ਵਿੱਚ ਵੀ ਯੋਜਨਾ ਦਾ ਲਾਭ ਸਪਸ਼ਟ ਹੈ। ਬਠਿੰਡਾ ਦੇ ਇੱਕ ਹਸਪਤਾਲ ਵਿੱਚ ਗੰਭੀਰ ਪੀਲੀਆ ਨਾਲ ਪੀੜਤ ਨਵਜੰਮੇ ਬੱਚੇ ਦਾ ਲਗਭਗ 1 ਲੱਖ ਰੁਪਏ ਦਾ ਇਲਾਜ ਪੂਰੀ ਤਰ੍ਹਾਂ ਕਵਰ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਦੇ ਗਢਾਇਆ ਪਿੰਡ ਵਿੱਚ ਮਨਕੀਰਤ ਸਿੰਘ ਦੇ ਇਲਾਜ ਦਾ ਸਾਰਾ ਖਰਚਾ ਵੀ ਇਸ ਯੋਜਨਾ ਹੇਠ ਆਇਆ, ਜਿਸ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ।
ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਕੋਟਕਪੂਰਾ ਵਿੱਚ ਇੱਕ ਨਵਜੰਮੇ ਬੱਚੇ ਨੂੰ 18 ਦਿਨਾਂ ਤੱਕ ਚੱਲੇ ਇਲਾਜ ਦੌਰਾਨ ਯੋਜਨਾ ਦਾ ਲਾਭ ਮਿਲਿਆ। ਇਹ ਸਾਰੇ ਮਾਮਲੇ ਦਰਸਾਉਂਦੇ ਹਨ ਕਿ ਲੋਕਾਂ ਵਿੱਚ ਯੋਜਨਾ ਪ੍ਰਤੀ ਭਰੋਸਾ ਵੱਧ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH