
ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)| ਪੰਜਾਬ ਭਰ ਵਿੱਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਜਾਰੀ ਆੜ੍ਹਤੀਆਂ ਦੀ ਹੜਤਾਲ ਅੱਜ ਖ਼ਤਮ ਹੋ ਗਈ ਹੈ। ਇਹ ਫੈਸਲਾ ਸਰਕਾਰ ਨਾਲ ਹੋਈ ਲੰਬੀ ਅਤੇ ਅਹਿਮ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਆੜ੍ਹਤੀਆਂ ਦੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਤੁਰੰਤ ਪ੍ਰਭਾਵ ਨਾਲ ਆਪਣਾ ਸੰਘਰਸ਼ ਵਾਪਸ ਲੈਣ ਅਤੇ ਮੰਡੀਆਂ ਵਿੱਚ ਕੰਮ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ।
ਹੜਤਾਲ ਖ਼ਤਮ ਹੋਣ ਨਾਲ ਕਣਕ ਦੀ ਖ਼ਰੀਦ ਅਤੇ ਚੁਕਾਈ ਦੇ ਕੰਮ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਬੰਦ ਪਿਆ ਸੀ। ਹੜਤਾਲ ਕਾਰਨ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਖ਼ਾਸ ਕਰਕੇ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਤੋਂ ਬਾਅਦ। ਹੁਣ ਹੜਤਾਲ ਖ਼ਤਮ ਹੋਣ ਨਾਲ ਕਿਸਾਨਾਂ ਲਈ ਰਾਹਤ ਦੀ ਸਥਿਤੀ ਬਣੀ ਹੈ ਅਤੇ ਉਨ੍ਹਾਂ ਦੀ ਫ਼ਸਲ ਦੀ ਵਿਕਰੀ ਅਤੇ ਤੁਲਾਈ ਮੁੜ ਸ਼ੁਰੂ ਹੋ ਸਕੇਗੀ। ਦੱਸਣਯੋਗ ਹੈ ਕਿ ਆੜ੍ਹਤੀਆਂ ਨੇ ਕਮਿਸ਼ਨ ਅਤੇ ਹੋਰ ਪ੍ਰਸ਼ਾਸਨਿਕ ਮਸਲਿਆਂ ਨੂੰ ਲੈ ਕੇ ਹੜਤਾਲ ਕੀਤੀ ਸੀ। ਸਰਕਾਰ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੀਟਿੰਗ ਬੁਲਾਈ ਗਈ, ਜਿਸ ਤੋਂ ਬਾਅਦ ਇਹ ਮਸਲਾ ਸੁਲਝਣ ਵੱਲ ਵਧਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH