ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ ਪੰਜਾਬ ‘ਚ ਕਿਸਾਨਾਂ ਦੀ ਫਸਲ ਤਬਾਹ
ਕਣਕ ਦੀ ਪੱਕੀ ਫਸਲ ਨੂੰ ਵੱਡਾ ਨੁਕਸਾਨ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਫਸਲ ਦਿਖਾਉਂਦਾ ਹੋਇਆ ਕਿਸਾਨ।


ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)|

ਪੰਜਾਬ ਵਿੱਚ ਹਾਲ ਹੀ ‘ਚ ਪਏ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖ਼ਾਸ ਕਰਕੇ ਮਾਲਵਾ ਅਤੇ ਮਾਝਾ ਖੇਤਰਾਂ ਵਿੱਚ ਕਣਕ ਦੀ ਪੱਕੀ ਹੋਈ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ ‘ਤੇ ਤੇਜ਼ ਹਵਾਵਾਂ ਨਾਲ ਮੀਂਹ ਅਤੇ ਗੜੇ ਪੈਣ ਕਾਰਨ ਖੇਤਾਂ ਵਿੱਚ ਖੜੀ ਫਸਲ ਵਿਛ ਗਈ, ਜਿਸ ਨਾਲ ਉਪਜ ‘ਤੇ ਸਿੱਧਾ ਅਸਰ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਕੱਟਣ ਦੇ ਬਿਲਕੁਲ ਨੇੜੇ ਸੀ, ਪਰ ਅਚਾਨਕ ਬਦਲੇ ਮੌਸਮ ਨੇ ਸਾਰੀ ਮਿਹਨਤ ‘ਤੇ ਪਾਣੀ ਫੇਰ ਦਿੱਤਾ। ਕਿਸਾਨਾਂ ਮੁਤਾਬਕ, ਕਈ ਏਕੜ ਵਿੱਚ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਇਸ ਨਾਲ ਉਹਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤਾਂ ਵਿੱਚ ਪਾਣੀ ਭਰਨ ਅਤੇ ਗੜੇ ਪੈਣ ਨਾਲ ਦਾਣਾ ਵੀ ਖਰਾਬ ਹੋਣ ਦਾ ਡਰ ਹੈ।ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਕੋਲੋਂ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨੁਕਸਾਨ ਨਾਲ ਉਹਨਾਂ ਦੀ ਸਾਲ ਭਰ ਦੀ ਆਮਦਨ ਪ੍ਰਭਾਵਿਤ ਹੋਵੇਗੀ।

ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ‘ਚ ਵੀ ਮੌਸਮ ‘ਚ ਉਤਾਰ-ਚੜ੍ਹਾਅ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨਾਂ ਨੂੰ ਹੋਰ ਸਾਵਧਾਨ ਰਹਿਣ ਦੀ ਲੋੜ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande