ਲੁਧਿਆਣਾ ਦੇ ਹੈਬੋਵਾਲ ‘ਚ ਘਰ ਦੀ ਨੌਕਰਾਣੀ ਚੋਰੀ ਕਰਦੀ ਰੰਗੇ ਹੱਥੀ ਕਾਬੂ
ਪਿਛਲੇ ਦੋ ਮਹੀਨਿਆਂ ਤੋਂ ਕਰ ਰਹੀ ਸੀ ਨਕਦੀ ਚੋਰੀ, ਮਾਲਕ ਨੇ ਪੈਂਟ ਦੇ ਪੁਰਸ ‘ਚੋਂ ਪੈਸੇ ਕੱਢਦਿਆਂ ਫੜੀ
ਲੁਧਿਆਣਾ ਦੇ ਹੈਬੋਵਾਲ ‘ਚ ਘਰ ਦੀ ਨੌਕਰਾਣੀ ਚੋਰੀ ਕਰਦੀ ਰੰਗੇ ਹੱਥੀ ਕਾਬੂ


ਲੁਧਿਆਣਾ , 09 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਨਿਊ ਅਮਨ ਵਿਹਾਰ (ਪ੍ਰੀਤਮ ਨਗਰ) ਵਿੱਚ ਇਕ ਘਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਰਹੱਸਮਈ ਚੋਰੀਆਂ ਦਾ ਆਖਿਰਕਾਰ ਖੁਲਾਸਾ ਹੋ ਗਿਆ। ਘਰ ਦੇ ਮਾਲਕ ਨੇ ਆਪਣੀ ਨੌਕਰਾਣੀ ਨੂੰ ਪੈਂਟ ਦੇ ਪੁਰਸ ਵਿੱਚੋਂ ਪੈਸੇ ਕੱਢਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਘਰ ਤੋਂ ਕਾਫੀ ਸਮੇਂ ਤੋਂ ਨਕਦੀ ਗਾਇਬ ਹੋ ਰਹੀ ਸੀ। ਬੁੱਧਵਾਰ ਦੇਰ ਰਾਤ ਨੂੰ ਜਦੋਂ ਨੌਕਰਾਣੀ ਮੋਹਿਨੀ ਕੰਮ ‘ਤੇ ਆਈ ਤਾਂ ਉਸਨੇ ਉਸ ‘ਤੇ ਨਿਗਰਾਨੀ ਰੱਖੀ।

ਇਸ ਦੌਰਾਨ ਜਿਵੇਂ ਹੀ ਮੋਹਿਨੀ ਨੇ ਕਮਰੇ ਵਿੱਚ ਖੂੰਟੀ ‘ਤੇ ਟੰਗੀ ਪੈਂਟ ਦੇ ਪੁਰਸ ਵਿੱਚੋਂ 3000 ਰੁਪਏ ਕੱਢੇ, ਨਰੇਸ਼ ਕੁਮਾਰ ਨੇ ਉਸਨੂੰ ਮੌਕੇ ‘ਤੇ ਹੀ ਫੜ ਲਿਆ। ਇਸ ਤੋਂ ਬਾਅਦ ਨਰੇਸ਼ ਦੀ ਪਤਨੀ ਕਿਰਣ ਵੱਲੋਂ ਤਲਾਸ਼ੀ ਲੈਣ ‘ਤੇ ਉਸਦੇ ਕੋਲੋਂ 3000 ਰੁਪਏ ਬਰਾਮਦ ਹੋਏ। ਪੜਤਾਲ ਦੌਰਾਨ ਮੋਹਿਨੀ ਨੇ ਕਬੂਲਿਆ ਕਿ ਉਹ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇਸੇ ਤਰ੍ਹਾਂ ਘਰ ਵਿੱਚੋਂ ਨਕਦੀ ਚੋਰੀ ਕਰ ਰਹੀ ਸੀ। ਘਰ ਵਾਲਿਆਂ ਦੇ ਭਰੋਸੇ ਦਾ ਫਾਇਦਾ ਚੁੱਕਦਿਆਂ ਉਹ ਛੋਟੀਆਂ-ਛੋਟੀਆਂ ਰਕਮਾਂ ਚੁੱਕਦੀ ਰਹੀ।

ਪੀੜਤ ਦੀ ਸ਼ਿਕਾਇਤ ‘ਤੇ ਥਾਣਾ ਹੈਬੋਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਹੁਣ ਤੱਕ ਉਸਨੇ ਕੁੱਲ ਕਿੰਨੀ ਰਕਮ ਚੋਰੀ ਕੀਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande