
ਮਾਨਸਾ, 10 ਮਈ (ਹਿੰ.ਸ.)। ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਅਧਿਆਏ ਲਿਖਦਿਆਂ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਮਾਤਾ ਸੀਤੋ ਦੇਵੀ ਐਜੂਕੇਸ਼ਨ ਕਾਲਜ, ਕੋਟ ਧਰਮੂ ਵਿਖੇ ਆਪਣੇ ਨਵੇਂ ਰੀਜਨਲ ਸੈਂਟਰ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਸ਼ੁਭ ਮੌਕੇ ’ਤੇ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਕਾਲਜ ਮੈਨੇਜਮੈਂਟ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅਤੇ ਕੀਰਤਨ ਦਰਬਾਰ ਸਜਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਰਤਨ ਸਿੰਘ ਨੇ ਰੀਬਨ ਕੱਟ ਕੇ ਸੈਂਟਰ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਕੇਂਦਰ ਮਾਨਸਾ ਦੇ ਨਾਲ-ਨਾਲ ਬਠਿੰਡਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਤੱਕ ਸਿੱਖਿਆ ਪਹੁੰਚਾਉਣਾ ਹੈ ਜੋ ਕਿਸੇ ਕਾਰਨ ਆਪਣੀ ਪੜ੍ਹਾਈ ਅਧੂਰੀ ਛੱਡ ਚੁੱਕੇ ਹਨ ਜਾਂ ਕੰਮਕਾਜੀ ਹੋਣ ਕਾਰਨ ਰੈਗੂਲਰ ਕਾਲਜ ਨਹੀਂ ਜਾ ਸਕਦੇ। ਖਾਸ ਕਰਕੇ ਪੇਂਡੂ ਖੇਤਰ ਦੀਆਂ ਲੜਕੀਆਂ, ਜਿਨ੍ਹਾਂ ਨੂੰ ਦੂਰ-ਦੁਰਾਡੇ ਜਾ ਕੇ ਪੜ੍ਹਨਾ ਔਖਾ ਹੁੰਦਾ ਹੈ, ਹੁਣ ਆਪਣੇ ਘਰ ਦੇ ਨੇੜੇ ਹੀ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣਗੀਆਂ।
ਸਮਾਗਮ ਦੀ ਮਹੱਤਤਾ ਉਸ ਸਮੇਂ ਹੋਰ ਵਧ ਗਈ ਜਦੋਂ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਬਲਜੀਤ ਸਿੰਘ ਖਹਿਰਾ ਅਤੇ ਕਾਲਜ ਦੇ ਚੇਅਰਮੈਨ ਸ. ਅਮਰਜੀਤ ਸਿੰਘ ਕਟੌਦੀਆ ਨੇ ਇੱਕ ਅਹਿਮ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖ਼ਰ ਕੀਤੇ, ਜਿਸ ਤਹਿਤ ਦੋਵੇਂ ਸੰਸਥਾਵਾਂ ਸਰਹੱਦੀ ਅਤੇ ਪੱਛੜੇ ਇਲਾਕਿਆਂ ਵਿੱਚ ਵਿੱਦਿਅਕ ਕ੍ਰਾਂਤੀ ਲਿਆਉਣ ਲਈ ਇੱਕ-ਦੂਜੇ ਦੇ ਬੁਨਿਆਦੀ ਢਾਂਚੇ ਅਤੇ ਸਰੋਤਾਂ ਦਾ ਸਹਿਯੋਗ ਕਰਨਗੀਆਂ। ਵਾਈਸ ਚਾਂਸਲਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਮੂਹ ਲਰਨਰ ਸਪੋਰਟ ਸੈਂਟਰਾਂ (ਐਲਐਸਸੀ) ਦੇ ਪ੍ਰਿੰਸੀਪਲਾਂ ਅਤੇ ਕੋਆਰਡੀਨੇਟਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਸਮਾਜ ਦਾ ਹਰ ਵਰਗ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕੇ।
ਇਸ ਪ੍ਰੋਗਰਾਮ ਦੌਰਾਨ ਡਾਇਰੈਕਟਰ ਸੀਕਾ ਡਾ. ਕੁਲਦੀਪ ਵਾਲੀਆ, ਰੀਜਨਲ ਡਾਇਰੈਕਟਰ ਡਾ. ਧਰਮਿੰਦਰ ਸਿੰਘ, ਕਾਲਜ ਦੇ ਐਮ.ਡੀ. ਪ੍ਰਦੀਪ ਸਿੰਘ, ਡਾਇਰੈਕਟਰ ਮਨਿੰਦਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਡਾ. ਸਰਵਰਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਸੈਂਟਰ ਦੀਆਂ ਤਕਨੀਕੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਅਖ਼ੀਰ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਇਹ ਰੀਜਨਲ ਸੈਂਟਰ ਨਾ ਸਿਰਫ਼ ਵਿੱਦਿਅਕ ਸਹੂਲਤਾਂ ਦਾ ਕੇਂਦਰ ਬਣੇਗਾ, ਸਗੋਂ ਇਸ ਇਲਾਕੇ ਵਿੱਚ ਉੱਚ ਵਿੱਦਿਅਕ ਮਿਆਰ ਸਥਾਪਿਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਵੀ ਸਹਾਈ ਹੋਵੇਗਾ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਮੈਡਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ