
ਲੁਧਿਆਣਾ, 10 ਮਈ (ਹਿੰ.ਸ.)| ਲੁਧਿਆਣਾ ਜ਼ਿਲ੍ਹੇ ਦੇ ਚੌਕੀਮਾਨ ਨੇੜੇ ਸ਼ਨੀਵਾਰ ਅੱਧੀ ਰਾਤ ਕਰੀਬ 1 ਵਜੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਟਰੱਕ ਦੀ ਬੈਟਰੀ ਵਿੱਚ ਸ਼ਾਰਟ ਸਰਕਿਟ ਹੋਣ ਕਾਰਨ ਕੈਬਿਨ ਵਿੱਚ ਅੱਗ ਭੜਕ ਉੱਠੀ। ਅੱਗ ਲੱਗਣ ਨਾਲ ਟਰੱਕ ਵਿੱਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ, ਜਿਸਨੂੰ ਦੇਖਦੇ ਹੀ ਡਰਾਈਵਰ ਪੁਸ਼ਪਿੰਦਰ ਸਿੰਘ (ਨਿਵਾਸੀ ਹੈਬੋਵਾਲ) ਨੇ ਸੁਝਬੂਝ ਨਾਲ ਟਰੱਕ ਨੂੰ ਤੁਰੰਤ ਸੜਕ ਕਿਨਾਰੇ ਰੋਕ ਦਿੱਤਾ। ਕੁਝ ਹੀ ਪਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਤੇਜ਼ ਲਪਟਾਂ ਕਾਰਨ ਡਰਾਈਵਰ ਨੇ ਟਰੱਕ ਤੋਂ ਛਾਲ ਮਾਰਕੇ ਆਪਣੀ ਜਾਨ ਬਚਾਈ।
ਸੂਚਨਾ ਮਿਲਦੇ ਹੀ ਫਾਇਰ ਦਸਤੇ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਇਸ ਤੋਂ ਪਹਿਲਾਂ ਟਰੱਕ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਸੜ੍ਹ ਚੁੱਕਾ ਸੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਅਫਰਾਤਫਰੀ ਦਾ ਮਾਹੌਲ ਬਣਿਆ ਰਿਹਾ। ਪੁਲਿਸ ਮੁਤਾਬਕ ਇਹ ਇਲਾਕਾ ਦਾਖਾ ਥਾਣੇ ਦੇ ਅਧੀਨ ਆਉਂਦਾ ਹੈ ਅਤੇ ਅੱਗੇ ਦੀ ਕਾਰਵਾਈ ਦਾਖਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH