
ਚੰਡੀਗੜ੍ਹ, 07 ਮਈ (ਹਿੰ.ਸ.)|
ਕੈਨੇਡਾ ਦੀਆਂ ਸਰਹੱਦੀ ਅਤੇ ਪੁਲਿਸ ਏਜੰਸੀਆਂ ਵੱਲੋਂ ਸੰਗਠਿਤ ਜਬਰ-ਵਸੂਲੀ ਗਿਰੋਹਾਂ ਖ਼ਿਲਾਫ਼ ਚਲਾਈ ਗਈ ਵੱਡੀ ਮੁਹਿੰਮ ਤਹਿਤ ਇਸ ਸਾਲ ਭਾਰਤੀ ਮੂਲ ਦੇ 30 ਤੋਂ ਵੱਧ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਇਹ ਨੌਜਵਾਨ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਸਮੇਤ ਕਈ ਹੋਰ ਸੂਬਿਆਂ ਵਿੱਚ ਜਬਰ-ਵਸੂਲੀ, ਗੋਲੀਬਾਰੀ, ਨਸ਼ਾ ਤਸਕਰੀ ਅਤੇ ਹੋਰ ਸੰਗਠਿਤ ਅਪਰਾਧਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਮਾਰਚ 2026 ਤੱਕ ਘੱਟੋ-ਘੱਟ 35 ਵਿਅਕਤੀਆਂ ਨੂੰ ਜਬਰਦਸਤੀ ਦੇਸ਼ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ। ਇਸ ਦੌਰਾਨ 372 ਇਮੀਗ੍ਰੇਸ਼ਨ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਅਤੇ 70 ਲੋਕਾਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋਏ। ਦੇਸ਼ ਨਿਕਾਲੇ ਗਏ ਨੌਜਵਾਨਾਂ ਵਿੱਚ 20 ਸਾਲਾ ਪ੍ਰਭਜੋਤ ਸਿੰਘ, 22 ਸਾਲਾ ਲਵਬੀਰ ਸਿੰਘ, ਅਰਸ਼ਦੀਪ ਸਿੰਘ ਅਤੇ ਸੁਖਨਾਜ਼ ਸਿੰਘ ਸੰਧੂ ਦੇ ਨਾਮ ਪ੍ਰਮੁੱਖ ਤੌਰ ‘ਤੇ ਸਾਹਮਣੇ ਆਏ ਹਨ।
ਪ੍ਰਭਜੋਤ ਸਿੰਘ ਨੂੰ ਸਰੀ ਪੁਲਿਸ ਨੇ 2026 ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਉਸ ਦੇ ਸਥਾਨਕ ਜਬਰ-ਵਸੂਲੀ ਗਿਰੋਹ ਨਾਲ ਸਬੰਧ ਸਾਹਮਣੇ ਆਏ ਸਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਸੀਬੀਐਸਏ ਨੇ ਉਸ ਨੂੰ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਮੰਨਦਿਆਂ ਕੈਨੇਡਾ ਵਿੱਚ ਰਹਿਣ ਲਈ ਅਯੋਗ ਕਰਾਰ ਦਿੱਤਾ ਅਤੇ ਉਸ ਨੂੰ ਭਾਰਤ ਭੇਜ ਦਿੱਤਾ ਗਿਆ। ਸਰੀ ਪੁਲਿਸ ਨੇ 4 ਮਈ ਨੂੰ ਉਸ ਦੀ ਤਸਵੀਰ ਵੀ ਜਾਰੀ ਕਰਦਿਆਂ ਲੋਕਾਂ ਤੋਂ ਉਸ ਦੇ ਸਾਥੀਆਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਮੰਗੀ ਹੈ।
ਇਸੇ ਤਰ੍ਹਾਂ ਲਵਬੀਰ ਸਿੰਘ, ਜੋ 2023 ਵਿੱਚ ਸਟੱਡੀ ਵੀਜ਼ੇ ‘ਤੇ ਕੈਨੇਡਾ ਪਹੁੰਚਿਆ ਸੀ, ਨੂੰ ਵੀ ਜਬਰ-ਵਸੂਲੀ ਅਤੇ ਗੋਲੀਬਾਰੀ ਮਾਮਲਿਆਂ ਨਾਲ ਜੋੜਿਆ ਗਿਆ। ਪੁਲਿਸ ਅਨੁਸਾਰ ਇੱਕ ਘਰ ‘ਤੇ 5 ਲੱਖ ਡਾਲਰ ਦੀ ਮੰਗ ਨੂੰ ਲੈ ਕੇ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਈ ਸੀ। ਜਾਂਚ ਤੋਂ ਬਾਅਦ ਉਸ ਨੂੰ ਵੀ ਫਰਵਰੀ 2026 ਦੇ ਆਸ-ਪਾਸ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਅਰਸ਼ਦੀਪ ਸਿੰਘ ਦਾ ਮਾਮਲਾ ਕਈ ਸੂਬਿਆਂ ਤੱਕ ਫੈਲੇ ਅਪਰਾਧਿਕ ਜਾਲ ਨੂੰ ਦਰਸਾਉਂਦਾ ਹੈ। ਉਹ 2022 ਵਿੱਚ ਸਟੱਡੀ ਵੀਜ਼ੇ ‘ਤੇ ਕੈਨੇਡਾ ਆਇਆ ਸੀ ਅਤੇ 19 ਜਨਵਰੀ 2026 ਨੂੰ ਉਸ ਨੂੰ ਵੀ ਦੇਸ਼ ਨਿਕਾਲਾ ਦਿੱਤਾ ਗਿਆ। ਜਾਂਚ ਵਿੱਚ ਉਸ ਦੇ ਸਬੰਧ ਸਰੀ ਵਿੱਚ ਜਬਰ-ਵਸੂਲੀ, ਓਨਟਾਰੀਓ ਵਿੱਚ ਅੱਗਜ਼ਨੀ, ਐਡਮੰਟਨ ਵਿੱਚ ਗੋਲੀਬਾਰੀ ਅਤੇ ਕਈ ਸੂਬਿਆਂ ਵਿੱਚ ਵਾਹਨ ਚੋਰੀ ਅਤੇ ਬੀਮਾ ਧੋਖਾਧੜੀ ਨਾਲ ਜੋੜੇ ਗਏ।
ਸੁਖਨਾਜ਼ ਸਿੰਘ ਸੰਧੂ, ਜੋ 2016 ਵਿੱਚ ਕੈਨੇਡਾ ਪਹੁੰਚਿਆ ਅਤੇ 2018 ਵਿੱਚ ਸਥਾਈ ਨਿਵਾਸੀ ਬਣਿਆ ਸੀ, ਨੂੰ ਵੀ 3 ਫਰਵਰੀ 2026 ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਨੇ ਉਸ ਨੂੰ ਜਨਤਕ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ ਸੀ। ਉਹ ‘ਦ ਰਫੀਅਨਜ਼’ ਨਾਮਕ ਗੈਂਗ ਦਾ ਅਹਿਮ ਮੈਂਬਰ ਦੱਸਿਆ ਗਿਆ ਹੈ, ਜਿਸ ‘ਤੇ ਨਸ਼ਾ ਤਸਕਰੀ, ਹਥਿਆਰਾਂ ਦੇ ਅਪਰਾਧ, ਡਰਾਈਵ-ਬਾਈ ਗੋਲੀਬਾਰੀ, ਵਾਹਨ ਚੋਰੀ ਅਤੇ ਧੋਖਾਧੜੀ ਦੇ ਦੋਸ਼ ਹਨ।
ਵਿਦੇਸ਼ਾਂ ਤੋਂ ਚੱਲ ਰਹੇ ਜਬਰ-ਵਸੂਲੀ ਗਿਰੋਹਾਂ ਲਈ ਸਥਾਨਕ ਪੱਧਰ ‘ਤੇ ਕੰਮ ਕਰ ਰਹੇ ਸਨ ਨੌਜਵਾਨ
ਕੈਨੇਡਾ ਵਿੱਚ ਭਾਰਤੀ ਮੂਲ ਦੇ ਨੌਜਵਾਨਾਂ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਨੂੰ ਇਕੱਲੇ ਮਾਮਲੇ ਨਹੀਂ ਮੰਨਿਆ ਜਾ ਰਿਹਾ, ਸਗੋਂ ਇਹ ਦੇਸ਼ ਪੱਧਰੀ ਰਣਨੀਤੀ ਦਾ ਹਿੱਸਾ ਹਨ। ਸਰੀ ਸ਼ਹਿਰ ਵਿੱਚ 2025 ਦੇ ਅੰਤ ਤੋਂ ਹੁਣ ਤੱਕ ਕਰੀਬ 87 ਤੋਂ 91 ਜਬਰ-ਵਸੂਲੀ ਦੀਆਂ ਕੋਸ਼ਿਸ਼ਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਘੱਟੋ-ਘੱਟ 15 ਤੋਂ 16 ਗੋਲੀਬਾਰੀ ਅਤੇ ਦੋ ਅੱਗਜ਼ਨੀ ਦੀਆਂ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਪੁਲਿਸ ਮੁਤਾਬਕ ਜ਼ਿਆਦਾਤਰ ਪੀੜਤ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਤ ਹਨ ਅਤੇ ਕਈ ਲੋਕਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਕਈ ਨੌਜਵਾਨ ਵਿਦੇਸ਼ੀ ਨਾਗਰਿਕ ਸਥਾਨਕ ਪੱਧਰ ‘ਤੇ “ਫੁੱਟ ਸੋਲਜਰ” ਵਜੋਂ ਕੰਮ ਕਰ ਰਹੇ ਸਨ, ਜਦਕਿ ਗਿਰੋਹਾਂ ਦੇ ਮੁੱਖ ਸੰਚਾਲਕ ਵਿਦੇਸ਼ਾਂ ਵਿੱਚ ਬੈਠ ਕੇ ਸਾਰੀ ਕਾਰਵਾਈ ਚਲਾ ਰਹੇ ਸਨ। ਬ੍ਰਿਟਿਸ਼ ਕੋਲੰਬੀਆ ਪ੍ਰਾਂਤੀ ਜਬਰ-ਵਸੂਲੀ ਟਾਸਕ ਫੋਰਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਾਂਝੇ ਤੌਰ ‘ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਦੋਸ਼ੀਆਂ ਨੂੰ ਤੇਜ਼ੀ ਨਾਲ ਦੇਸ਼ ਨਿਕਾਲਾ ਦੇਣ ਦੀ ਰਣਨੀਤੀ ਅਪਣਾਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH