
2 ਅਕਤੂਬਰ ਤੱਕ ਚੱਲੇਗੀ ਮੁਹਿੰਮ, ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਦਿੱਤਾ ਸੱਦਾ
ਪਠਾਨਕੋਟ, 19 ਸਤੰਬਰ (ਹਿੰ.ਸ.)| ਸਫ਼ਾਈ ਨੂੰ ਲੋਕ ਲਹਿਰ ਬਣਾਉਣ ਅਤੇ ਇਸ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬਲਾਕ ਘਰੋਟਾ ਦੇ ਸਮੂਹ ਸਰਪੰਚਾਂ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਮੁਹਿੰਮ ਨੂੰ ਹੋਰ ਵੱਡੇ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇਗਾ।
ਡੀਐੱਸਓ-ਕਮ-ਕਾਰਜਕਾਰੀ ਇੰਜਨੀਅਰ ਸੁਖਜੀਤ ਸਿੰਘ ਦੀ ਅਗਵਾਈ ਹੇਠ ਏਡੀਐੱਸਓ ਧੀਰਜ ਡੋਗਰਾ ਅਤੇ ਜ਼ਿਲ੍ਹਾ ਪਠਾਨਕੋਟ ਦੇ ਡੀਡਬਲਿਊਐੱਸਐੱਸ ਦੇ ਸੋਸ਼ਲ ਸਟਾਫ਼ ਵੱਲੋਂ ਮੌਜੂਦ ਇਕੱਠ ਨੂੰ ਮੁਹਿੰਮ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ‘ਸਵੱਛਤਾ ਹੀ ਸੇਵਾ-2026’ ਮੁਹਿੰਮ 17 ਸਤੰਬਰ ਤੋਂ ਸ਼ੁਰੂ ਹੋ ਕੇ 2 ਅਕਤੂਬਰ 2026 ਤੱਕ ਚੱਲੇਗੀ। ਇਸ ਦਾ ਮੁੱਖ ਉਦੇਸ਼ ਸਫ਼ਾਈ ਅਤੇ ਸੈਨੀਟੇਸ਼ਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਸਫ਼ਾਈ ਕਾਰਜਾਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣਾ ਹੈ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਗਲੀਆਂ ਜਾਂ ਨਾਲੀਆਂ ਦੀ ਸਫ਼ਾਈ ਤੱਕ ਸੀਮਿਤ ਨਹੀਂ ਹੈ। ਇਸ ਦਾ ਉਦੇਸ਼ ਅਜਿਹਾ ਸੱਭਿਆਚਾਰ ਵਿਕਸਿਤ ਕਰਨਾ ਹੈ, ਜਿਸ ਵਿੱਚ ਸਫ਼ਾਈ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਨੂੰ ਸਾਫ਼ ਰੱਖਣ ਦੇ ਨਾਲ ਸਫ਼ਾਈ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਬਣਦਾ ਸਨਮਾਨ ਅਤੇ ਸੁਰੱਖਿਆ ਦੇਣਾ ਵੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
‘ਸਵੱਛਤਾ ਵਿੱਚ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ’ ਨੂੰ ਇਸ ਮੁਹਿੰਮ ਦਾ ਥੀਮ ਰੱਖਿਆ ਗਿਆ ਹੈ। ਮੁਹਿੰਮ ਤਹਿਤ ਸਫ਼ਾਈ ਅਤੇ ਸੈਨੀਟੇਸ਼ਨ ਸਬੰਧੀ ਲੋਕਾਂ ਦੀ ਸਰਗਰਮ ਭਾਗੀਦਾਰੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਮੁਹਿੰਮ ਦੇ ਪੰਜ ਮੁੱਖ ਥੰਮ੍ਹਾਂ ਵਿੱਚ ਸਫ਼ਾਈ ਲਈ ਨਿਸ਼ਾਨਦੇਹੀ ਕੀਤੇ ਸਥਾਨਾਂ ਦੀ ਕਾਇਆ-ਕਲਪ ਅਤੇ ਸਾਫ਼ ਜਨਤਕ ਥਾਵਾਂ ਦੀ ਸਿਰਜਣਾ, ‘ਸਵੱਛ ਪਾਠਸ਼ਾਲਾ—ਯੁਵਾ ਫ਼ਾਰ ਸਵੱਛਤਾ’, ਸਫ਼ਾਈ ਮਿੱਤਰਾਂ ਦੀ ਸੁਰੱਖਿਆ, ਭਲਾਈ ਅਤੇ ਸਨਮਾਨ ਲਈ ‘ਸਫ਼ਾਈ ਮਿੱਤਰ ਸੁਰੱਖਿਆ ਅਤੇ ਸਨਮਾਨ ਸ਼ਿਵਿਰ’, ਜਨ ਭਾਗੀਦਾਰੀ ਰਾਹੀਂ ਸਫ਼ਾਈ ਅਤੇ ‘ਸਵੱਛਤਾ ਤੋਂ ਸਮ੍ਰਿੱਧੀ’ ਰਾਹੀਂ ਸਫ਼ਾਈ ਨੂੰ ਖੁਸ਼ਹਾਲੀ ਨਾਲ ਜੋੜਨਾ ਸ਼ਾਮਲ ਹੈ।
ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁਹਿੰਮ ਦੌਰਾਨ ਸਮਾਜ ਦੇ ਹਰ ਵਰਗ ਨੂੰ ਸਫ਼ਾਈ ਕਾਰਜਾਂ ਨਾਲ ਜੋੜਨ ਅਤੇ ਸਵੱਛਤਾ ਪ੍ਰਤੀ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਹਿੰਦੂਸਥਾਨ ਸਮਾਚਾਰ / GURSHARAN SINGH