ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲ ’ਚ ਵਿਦਿਆਰਥੀਆਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ
ਫਾਜ਼ਿਲਕਾ, 19 ਸਤੰਬਰ (ਹਿੰ.ਸ.)| ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਅਤੇ ਡਾ. ਕਰਨਬੀਰ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ. ਡਾ. ਵਿਕਾਸ ਗਾਂਧੀ ਦੀ ਅਗਵਾਈ ਹੇਠ ਸਬ-ਸੈਂਟਰ ਖੁੜੰਜ ਵੱਲੋਂ ਦ ਸਪਰਿੰਗ
ਡੇਂਗੂ ਸਬੰਧੀ ਜਾਗਰੂਕ ਕਰਦੇ ਹੋਏ ਸਿਹਤ ਵਿਭਾਗ ਦੀ ਟੀਮ।


ਫਾਜ਼ਿਲਕਾ, 19 ਸਤੰਬਰ (ਹਿੰ.ਸ.)| ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਅਤੇ ਡਾ. ਕਰਨਬੀਰ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ. ਡਾ. ਵਿਕਾਸ ਗਾਂਧੀ ਦੀ ਅਗਵਾਈ ਹੇਠ ਸਬ-ਸੈਂਟਰ ਖੁੜੰਜ ਵੱਲੋਂ ਦ ਸਪਰਿੰਗ ਡੇਲਸ ਸਕੂਲ, ਖੁੜੰਜ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਸਕੂਲ ਦੀ ਸਵੇਰ ਦੀ ਅਸੈਂਬਲੀ ਦੌਰਾਨ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਅਤੇ ਇਸ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਸਕੂਲ ਵਿੱਚ ਐਂਟੀ-ਲਾਰਵਾ ਗਤੀਵਿਧੀਆਂ ਵੀ ਕੀਤੀਆਂ ਗਈਆਂ।

ਇਸ ਮੌਕੇ ਐੱਮ.ਪੀ.ਐੱਚ.ਡਬਲਯੂ. ਜਸਪਾਲ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣਾਂ, ਮੱਛਰਾਂ ਦੀ ਪੈਦਾਵਾਰ ਰੋਕਣ ਅਤੇ ਘਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ ਬਾਰੇ ਜਾਣੂ ਕਰਵਾਇਆ। ਉਨ੍ਹਾਂ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਡੇਂਗੂ ਦੀ ਰੋਕਥਾਮ ਸਬੰਧੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

ਐੱਸ.ਆਈ. ਲਖਵਿੰਦਰ ਸਿੰਘ ਨੇ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਬੁਖਾਰ ਜਾਂ ਡੇਂਗੂ ਨਾਲ ਸਬੰਧਤ ਲੱਛਣ ਸਾਹਮਣੇ ਆਉਣ ’ਤੇ ਬਿਨਾਂ ਦੇਰੀ ਨੇੜੇ ਦੀ ਸਰਕਾਰੀ ਸਿਹਤ ਸੰਸਥਾ, ਆਮ ਆਦਮੀ ਕਲੀਨਿਕ ਜਾਂ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਆਪਣੇ ਆਪ ਦਵਾਈ ਲੈਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡੇਂਗੂ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਲੋੜ ਅਨੁਸਾਰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਸਕੂਲ ਦੇ ਪ੍ਰਿੰਸੀਪਲ ਨੀਰਜ ਕੁਮਾਰ ਨੇ ਸਿਹਤ ਵਿਭਾਗ ਦੀ ਟੀਮ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਡੇਂਗੂ ਰੋਕਥਾਮ ਦਾ ਸੰਦੇਸ਼ ਘਰਾਂ ਅਤੇ ਸਮਾਜ ਤੱਕ ਪਹੁੰਚਾਉਣ ਲਈ ਕਿਹਾ। ਸਕੂਲ ਦੇ ਚੇਅਰਮੈਨ ਡਾ. ਧੀਰਜ ਵਾਟਸ ਅਤੇ ਪ੍ਰਬੰਧਕਾਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਟੀਮ ਦਾ ਧੰਨਵਾਦ ਕੀਤਾ।

ਇਸ ਮੌਕੇ ਐੱਸ.ਆਈ. ਲਖਵਿੰਦਰ ਸਿੰਘ, ਸੀ.ਐੱਚ.ਓ. ਜਸਪ੍ਰੀਤ ਕੰਬੋਜ, ਐੱਮ.ਪੀ.ਐੱਚ.ਡਬਲਯੂ. ਜਸਪਾਲ ਸਿੰਘ ਸਿੱਧੂ ਤੇ ਅਮਨਦੀਪ ਕੌਰ, ਸਕੂਲ ਚੇਅਰਮੈਨ ਡਾ. ਧੀਰਜ ਵਾਟਸ, ਪ੍ਰਿੰਸੀਪਲ ਨੀਰਜ ਕੁਮਾਰ, ਵਾਈਸ ਪ੍ਰਿੰਸੀਪਲ ਪੂਨਮ ਖੇੜਾ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande