
ਲੁਧਿਆਣਾ, 19 ਸਤੰਬਰ (ਹਿੰ.ਸ.)| ਲੁਧਿਆਣਾ ਦੇ ਸਦਰ ਥਾਣਾ ਖੇਤਰ ਵਿੱਚ ਨਹਿਰ ਨੇੜਿਓਂ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਮੁੱਢਲੀ ਜਾਂਚ ਦੌਰਾਨ ਔਰਤ ਦੇ ਪੇਟ ਦੇ ਅਗਲੇ ਹਿੱਸੇ ਅਤੇ ਗਰਦਨ ਦੇ ਖੱਬੇ ਪਾਸੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਡੂੰਘੇ ਵਾਰਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਵੱਲੋਂ ਹਾਲੇ ਤੱਕ ਮ੍ਰਿਤਕਾ ਦੀ ਪਛਾਣ ਨਹੀਂ ਕੀਤੀ ਜਾ ਸਕੀ।ਪੁਲਿਸ ਨੂੰ ਸ਼ੁੱਕਰਵਾਰ ਦੇਰ ਰਾਤ ਨੂੰ ਘਟਨਾ ਸਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਸਦਰ ਥਾਣੇ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਮਹਿਲਾ ਕੋਲੋਂ ਕੋਈ ਮੋਬਾਈਲ ਫੋਨ, ਪਰਸ ਜਾਂ ਪਛਾਣ ਸਬੰਧੀ ਦਸਤਾਵੇਜ਼ ਨਹੀਂ ਮਿਲਿਆ। ਪੁਲਿਸ ਮੁਤਾਬਕ ਮ੍ਰਿਤਕਾ ਦੀ ਸੱਜੀ ਬਾਂਹ ’ਤੇ ਅੰਗਰੇਜ਼ੀ ਵਿੱਚ ‘ਮਨੀ’ ਲਿਖਿਆ ਟੈਟੂ ਹੈ, ਜਦਕਿ ਖੱਬੀ ਬਾਂਹ ’ਤੇ ਤਿੰਨ ਸਟਾਰ ਬਣੇ ਹੋਏ ਹਨ। ਇਨ੍ਹਾਂ ਨਿਸ਼ਾਨੀਆਂ ਨੂੰ ਪਛਾਣ ਲਈ ਅਹਿਮ ਸੁਰਾਗ ਮੰਨਿਆ ਜਾ ਰਿਹਾ ਹੈ।ਸਦਰ ਥਾਣੇ ਦੇ ਐੱਸ.ਐੱਚ.ਓ. ਮੁਤਾਬਕ ਮ੍ਰਿਤਕਾ ਦੀ ਪਛਾਣ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਸੁਰੱਖਿਅਤ ਰੱਖਿਆ ਗਿਆ ਹੈ। ਪੁਲਿਸ ਵੱਲੋਂ ਪਿਛਲੇ ਇੱਕ ਹਫ਼ਤੇ ਦੌਰਾਨ ਦਰਜ ਹੋਈਆਂ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਮ੍ਰਿਤਕਾ ਦਾ ਹੁਲੀਆ ਅਤੇ ਉਸ ਦੇ ਸਰੀਰ ’ਤੇ ਬਣੇ ਟੈਟੂ ਦੀ ਜਾਣਕਾਰੀ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਅਤੇ ਪੁਲਿਸ ਚੌਕੀਆਂ ਤੋਂ ਇਲਾਵਾ ਨੇੜਲੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਭੇਜੀ ਗਈ ਹੈ, ਤਾਂ ਜੋ ਪਛਾਣ ਸਬੰਧੀ ਕੋਈ ਸੁਰਾਗ ਮਿਲ ਸਕੇ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਵੱਲੋਂ ਨਹਿਰ ਰੋਡ ਅਤੇ ਆਸ-ਪਾਸ ਦੇ ਰਸਤਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲਾਸ਼ ਨੂੰ ਨਹਿਰ ਕੰਢੇ ਤੱਕ ਕਿਹੜੇ ਵਾਹਨ ਰਾਹੀਂ ਲਿਆਂਦਾ ਗਿਆ ਅਤੇ ਇਸ ਨੂੰ ਇੱਥੇ ਸੁੱਟਣ ਵਾਲੇ ਕੌਣ ਸਨ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH