ਟੀ.ਬੀ. ਤੇ ਗੈਰ-ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਪੌਸ਼ਟਿਕ ਖੁਰਾਕ ਜ਼ਰੂਰੀ: ਡਾ. ਸੌਰਭ ਫੁਟੇਲਾ
ਵਿਦਿਆਰਥੀਆਂ ਨੂੰ ਆਭਾ ਐਪ ਰਾਹੀਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਵੀ ਦਿੱਤੀ ਜਾਣਕਾਰੀ ਫਾਜ਼ਿਲਕਾ, 19 ਸਤੰਬਰ (ਹਿੰ.ਸ.)| ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐੱਮ.ਓ. ਡਾ. ਸੁਮੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਅਬੋਹਰ ਵਿਖੇ ਵ
ਕਾਲਜ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਮਾਹਿਰ।


ਵਿਦਿਆਰਥੀਆਂ ਨੂੰ ਆਭਾ ਐਪ ਰਾਹੀਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਵੀ ਦਿੱਤੀ ਜਾਣਕਾਰੀ

ਫਾਜ਼ਿਲਕਾ, 19 ਸਤੰਬਰ (ਹਿੰ.ਸ.)| ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐੱਮ.ਓ. ਡਾ. ਸੁਮੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਅਬੋਹਰ ਵਿਖੇ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮੌਕੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਵਾਰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ‘ਜੀਵਨ ਲਈ ਸੁਰੱਖਿਅਤ ਦੇਖਭਾਲ’ ਦੇ ਸੰਦੇਸ਼ ਨਾਲ ਮਨਾਇਆ ਜਾ ਰਿਹਾ ਹੈ।

ਸੈਮੀਨਾਰ ਦੀ ਪ੍ਰਧਾਨਗੀ ਐੱਮ.ਡੀ. ਪਲਮਨਰੀ ਮੈਡੀਸਨ ਡਾ. ਸੌਰਭ ਫੁਟੇਲਾ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਟੀ.ਬੀ., ਸਾਹ ਅਤੇ ਛਾਤੀ ਨਾਲ ਸਬੰਧਤ ਬਿਮਾਰੀਆਂ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਡਾ. ਫੁਟੇਲਾ ਨੇ ਟੀ.ਬੀ. ਦੇ ਲੱਛਣਾਂ, ਜਾਂਚ ਅਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੀ.ਬੀ. ਮੁੱਖ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਹੈ ਅਤੇ ਇਹ ਹਵਾ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਤੱਕ ਫੈਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ‘100 ਦਿਨਾਂ ਟੀ.ਬੀ. ਮੁਕਤ ਭਾਰਤ ਅਭਿਆਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਹਿਤ ਟੀ.ਬੀ. ਦੇ ਮਾਮਲਿਆਂ ਦੀ ਛੇਤੀ ਪਛਾਣ, ਜਾਂਚ ਅਤੇ ਇਲਾਜ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸਿਹਤਮੰਦ ਜੀਵਨ ਲਈ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਡਾ. ਫੁਟੇਲਾ ਨੇ ਕਿਹਾ ਕਿ ਰੋਜ਼ਾਨਾ ਖੁਰਾਕ ਵਿੱਚ ਸਰੀਰ ਦੀ ਲੋੜ ਅਨੁਸਾਰ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਵਿਟਾਮਿਨ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਸ਼ਾਮਲ ਹੋਣੇ ਚਾਹੀਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਡੀ.ਐੱਮ.ਈ.ਓ. ਪੂਜਾ ਅਤੇ ਬਲਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਭਾ ਆਈ.ਡੀ. ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਬਣਾਈ ਜਾ ਰਹੀ ਆਭਾ ਆਈ.ਡੀ. ਰਾਹੀਂ ਮਰੀਜ਼ਾਂ ਦੇ ਸਿਹਤ ਰਿਕਾਰਡ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੀ ਸਹੂਲਤ ਮਿਲਦੀ ਹੈ। ਆਭਾ ਐਪ ਰਾਹੀਂ ਓ.ਪੀ.ਡੀ. ਟੋਕਨ ਲੈਣ, ਨੇੜਲੀਆਂ ਸਿਹਤ ਸੰਸਥਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਮੈਡੀਕਲ ਰਿਕਾਰਡ ਸੰਭਾਲਣ ਵਰਗੀਆਂ ਸਹੂਲਤਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।

ਟੀ.ਬੀ. ਬ੍ਰਾਂਚ ਤੋਂ ਐੱਸ.ਟੀ.ਐੱਸ. ਵਿਪਨ ਧਾਮੂ ਨੇ ਵੀ ਟੀ.ਬੀ. ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ਦੌਰਾਨ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande