
ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਬੂਟਾ ਲਗਾ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ, ਕੈਂਪਸ ਵਿੱਚ 44 ਕਿਸਮਾਂ ਦੇ ਰਵਾਇਤੀ ਬੂਟੇ ਲਗਾਏ
ਪਟਿਆਲਾ, 19 ਸਤੰਬਰ (ਹਿੰ.ਸ.)| ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣਾ ਸਥਾਪਨਾ ਦਿਵਸ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੰਦਿਆਂ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕੈਂਪਸ ਵਿੱਚ 3100 ਬੂਟੇ ਲਗਵਾਏ ਗਏ।
ਵਾਈਸ ਚਾਂਸਲਰ ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਕੈਂਪਸ ਕਰੀਬ 100 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਨੂੰ ਹਰਾ-ਭਰਾ ਬਣਾਉਣ ਦਾ ਉਪਰਾਲਾ ਵਿਦਿਆਰਥੀਆਂ ਅਤੇ ਸਮਾਜ ਲਈ ਸਿਹਤਮੰਦ ਵਾਤਾਵਰਣ ਦਾ ਸੁਨੇਹਾ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ 44 ਵੱਖ-ਵੱਖ ਕਿਸਮਾਂ ਦੇ ਰਵਾਇਤੀ ਪੰਜਾਬੀ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਰੁਪਾਂਤਰਿਤ ਕਿਸਮਾਂ ਦੇ ਬੂਟੇ ਸ਼ਾਮਲ ਨਹੀਂ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ‘ਗੁਰੂ ਨਾਨਕ ਬਗੀਚੀ’ ਦੇ ਸੰਕਲਪ ਨੂੰ ਮੁੱਖ ਰੱਖਦਿਆਂ ਯੂਨੀਵਰਸਿਟੀ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਕੈਂਪਸ ਵਿੱਚ ਇੱਕ ਟਰੈਕ ਵੀ ਤਿਆਰ ਕੀਤਾ ਜਾ ਰਿਹਾ ਹੈ, ਜੋ ਵਿਦਿਆਰਥੀਆਂ ਲਈ ਰੋਜ਼ਾਨਾ ਸੈਰ ਕਰਨ ਵਾਸਤੇ ਲਾਭਦਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਵਾਤਾਵਰਣ ਦੀ ਸੰਭਾਲ ਵਿੱਚ ਵੀ ਸਹਾਈ ਹੋਵੇਗਾ।
ਡਾ. ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਵਰਗੀ ਬਘੇਲ ਸਿੰਘ ਖਹਿਰਾ ਦੀ ਯਾਦ ਵਿੱਚ ਇੱਕ ਪਾਰਕ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਮਨੁੱਖਤਾ ਦੀ ਸੇਵਾ ਅਤੇ ਖੇਡਾਂ ਨੂੰ ਅੱਗੇ ਲਿਜਾਣ ਦੀ ਸੋਚ ਰੱਖਣ ਵਾਲੇ ਸਮਾਜ ਸੇਵੀ ਸਨ। ਪਾਰਕ ਸਥਾਪਿਤ ਕਰਨ ਦਾ ਉਦੇਸ਼ ਨੌਜਵਾਨਾਂ ਅਤੇ ਸਮਾਜ ਨੂੰ ਅਜਿਹੀਆਂ ਸ਼ਖ਼ਸੀਅਤਾਂ ਦੇ ਜੀਵਨ ਅਤੇ ਸੇਵਾ ਕਾਰਜਾਂ ਤੋਂ ਜਾਣੂ ਕਰਵਾਉਣਾ ਹੈ।
ਇਸ ਮੌਕੇ ‘ਗੁਰੂ ਨਾਨਕ ਪਵਿੱਤਰ ਜੰਗਲ’ ਵੱਲੋਂ ਅਮਲਤਾਸ, ਅਰਜੁਨ, ਔਲਾ, ਬੜਹਲ, ਬਹੇੜਾ, ਚੁਕਰਸੀਆ, ਬੋਹੜ, ਕਟਹਲ, ਜਾਮਣ, ਕਰੌਂਦਾ, ਕੁਸਮ, ਦੇਸੀ ਅੰਬ, ਪਿਲਾਖਣ, ਸੁਹੰਜਣਾ, ਸੰਭਾਲੂ ਸਮੇਤ 44 ਕਿਸਮਾਂ ਦੇ 3100 ਬੂਟੇ ਯੂਨੀਵਰਸਿਟੀ ਨੂੰ ਮੁਹੱਈਆ ਕਰਵਾਏ ਗਏ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲੈਣ ਦਾ ਸੰਕਲਪ ਲਿਆ। ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਕੈਂਪਸ ਵਿੱਚ 6000 ਬੂਟੇ ਲਗਾਏ ਜਾ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH