ਪੰਚਕੂਲਾ ਦੇ ਪੈਟ ਐਨੀਮਲ ਮੈਡੀਕਲ ਸੈਂਟਰ ਦਾ ਹੋਵੇਗਾ ਆਧੁਨਿਕੀਕਰਨ, 25 ਲੱਖ ਦੀ ਲਾਗਤ ਨਾਲ ਖਰੀਦੀ ਜਾਵੇਗੀ ਪਸ਼ੂ ਐਂਬੂਲੈਂਸ
ਚੰਡੀਗੜ੍ਹ, 13 ਅਕਤੂਬਰ (ਹਿੰ.ਸ.)| ਹਰਿਆਣਾ ਸਰਕਾਰ ਵੱਲੋਂ ਪਸ਼ੂਆਂ ਨੂੰ ਬਿਹਤਰ ਅਤੇ ਆਧੁਨਿਕ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਚਕੂਲਾ ਸਥਿਤ ਪੈਟ ਐਨੀਮਲ ਮੈਡੀਕਲ ਸੈਂਟਰ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਇਸ ਤਹਿਤ ਉੱਨਤ ਜਾਂਚ ਉਪਕਰਣ ਖਰੀਦਣ, ਹਸਪਤਾਲ ਦੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਕਰਨ
ਪੰਚਕੂਲਾ ਦੇ ਪੈਟ ਐਨੀਮਲ ਮੈਡੀਕਲ ਸੈਂਟਰ ਦਾ ਹੋਵੇਗਾ ਆਧੁਨਿਕੀਕਰਨ, 25 ਲੱਖ ਦੀ ਲਾਗਤ ਨਾਲ ਖਰੀਦੀ ਜਾਵੇਗੀ ਪਸ਼ੂ ਐਂਬੂਲੈਂਸ


ਚੰਡੀਗੜ੍ਹ, 13 ਅਕਤੂਬਰ (ਹਿੰ.ਸ.)| ਹਰਿਆਣਾ ਸਰਕਾਰ ਵੱਲੋਂ ਪਸ਼ੂਆਂ ਨੂੰ ਬਿਹਤਰ ਅਤੇ ਆਧੁਨਿਕ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਚਕੂਲਾ ਸਥਿਤ ਪੈਟ ਐਨੀਮਲ ਮੈਡੀਕਲ ਸੈਂਟਰ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਇਸ ਤਹਿਤ ਉੱਨਤ ਜਾਂਚ ਉਪਕਰਣ ਖਰੀਦਣ, ਹਸਪਤਾਲ ਦੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਕਰਨ ਦੇ ਨਾਲ-ਨਾਲ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਪਸ਼ੂ ਐਂਬੂਲੈਂਸ ਵੀ ਖਰੀਦੀ ਜਾਵੇਗੀ।

ਇਸ ਸਬੰਧੀ ਫ਼ੈਸਲੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੀ ਪ੍ਰਧਾਨਗੀ ਹੇਠ ਹੋਈ ਪੈਟ ਐਨੀਮਲ ਹੈਲਥ ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਅੱਠਵੀਂ ਮੀਟਿੰਗ ਵਿੱਚ ਲਏ ਗਏ। ਮੀਟਿੰਗ ਵਿੱਚ ਪਸ਼ੂਆਂ ਲਈ ਵਿਸ਼ੇਸ਼ ਇਲਾਜ ਦੀਆਂ ਸਹੂਲਤਾਂ ਨੂੰ ਵਧੇਰੇ ਸੁਲੱਭ, ਕਿਫ਼ਾਇਤੀ ਅਤੇ ਪ੍ਰਭਾਵਸ਼ਾਲੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ।

ਨਵੇਂ ਪ੍ਰਬੰਧਾਂ ਤਹਿਤ ਸੈਂਟਰ ਵਿੱਚ ਪਸ਼ੂਆਂ ਦੇ ਦਿਲ ਦੀ ਜਾਂਚ ਲਈ ਇਲੈਕਟ੍ਰੋਕਾਰਡੀਓਗ੍ਰਾਮ (ਈਸੀਜੀ) ਮਸ਼ੀਨ ਲਗਾਈ ਜਾਵੇਗੀ। ਇਸ ਤੋਂ ਇਲਾਵਾ ਕੁੱਤਿਆਂ ਵਿੱਚ ਡਿਸਟੈਂਪਰ, ਪਾਰਵੋਵਾਇਰਸ, ਲੇਪਟੋਸਪਾਈਰੋਸਿਸ ਅਤੇ ਖ਼ੂਨ ਰਾਹੀਂ ਫੈਲਣ ਵਾਲੀਆਂ ਲਾਗਾਂ ਦੀ ਤੁਰੰਤ ਜਾਂਚ ਲਈ ਸਹੂਲਤਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਜਾਂਚ ਕਿੱਟਾਂ ਦੀ ਖਰੀਦ ਲਈ ਹਰ ਸਾਲ ਇੱਕ ਲੱਖ ਰੁਪਏ ਦਾ ਪ੍ਰਬੰਧ ਕਰਨ ਦਾ ਪ੍ਰਸਤਾਵ ਹੈ।

ਸਾਲ 2009 ਤੋਂ ਸੇਵਾਵਾਂ ਦੇ ਰਹੇ ਇਸ ਕੇਂਦਰ ਦੀ ਇਮਾਰਤ ਵਿੱਚ 10 ਵਿਅਕਤੀਆਂ ਦੀ ਸਮਰੱਥਾ ਵਾਲੀ ਲਿਫਟ ਵੀ ਲਗਾਈ ਜਾਵੇਗੀ। ਇਸ ਨਾਲ ਵੱਡੇ, ਜ਼ਖ਼ਮੀ ਅਤੇ ਤੁਰਨ-ਫਿਰਨ ਤੋਂ ਅਸਮਰੱਥ ਪਸ਼ੂਆਂ ਨੂੰ ਪਹਿਲੀ ਮੰਜ਼ਿਲ ’ਤੇ ਸਥਿਤ ਅੱਖਾਂ ਦੇ ਇਲਾਜ ਅਤੇ ਜਾਂਚ ਯੂਨਿਟਾਂ ਤੱਕ ਲਿਜਾਣ ਵਿੱਚ ਸਹੂਲਤ ਮਿਲੇਗੀ।

ਨਵੀਂ ਪਸ਼ੂ ਐਂਬੂਲੈਂਸ ਵਿੱਚ ਵਾਤਾਨੁਕੂਲਿਤ ਕੈਬਿਨ, ਆਕਸੀਜਨ ਸਪਲਾਈ, ਮੁੱਢਲੀ ਸਹਾਇਤਾ, ਸਰੀਰਕ ਮਾਪਦੰਡਾਂ ਦੀ ਨਿਗਰਾਨੀ ਕਰਨ ਵਾਲੇ ਉਪਕਰਣ, ਸਟਰੈਚਰ ਅਤੇ ਨਸਾਂ ਰਾਹੀਂ ਤਰਲ ਪਦਾਰਥ ਦੇਣ ਦੀ ਸਹੂਲਤ ਹੋਵੇਗੀ।

ਸੈਂਟਰ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਦੋ ਐਨੀਮਲ ਅਟੈਂਡੈਂਟ, ਇੱਕ ਅਕਾਊਂਟੈਂਟ-ਕਮ-ਸਟੋਰਕੀਪਰ, ਤਿੰਨ ਸੁਰੱਖਿਆ ਕਰਮੀ ਅਤੇ ਇੱਕ ਡਾਟਾ ਐਂਟਰੀ ਆਪ੍ਰੇਟਰ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਪਸ਼ੂ ਪਾਲਣ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇ ਸਿੰਘ ਦਹੀਆ ਨੇ ਦੱਸਿਆ ਕਿ ਸਾਲ 2025-26 ਦੌਰਾਨ ਕੇਂਦਰ ਵਿੱਚ 24,401 ਬਾਹਰੀ ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਜਦੋਂ ਕਿ 2024-25 ਵਿੱਚ ਇਹ ਗਿਣਤੀ 23,056 ਸੀ। ਪ੍ਰਯੋਗਸ਼ਾਲਾ ਜਾਂਚਾਂ ਦੀ ਗਿਣਤੀ ਵੀ 2023-24 ਵਿੱਚ 3,267 ਤੋਂ ਵਧ ਕੇ 2025-26 ਵਿੱਚ 4,407 ਹੋ ਗਈ।

ਸਰਕਾਰ ਅਨੁਸਾਰ, ਨਵੀਆਂ ਸਹੂਲਤਾਂ ਨਾਲ ਪੰਚਕੂਲਾ ਦਾ ਇਹ ਕੇਂਦਰ ਹਰਿਆਣਾ ਅਤੇ ਗੁਆਂਢੀ ਰਾਜਾਂ ਦੇ ਪਸ਼ੂਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਵਿੱਚ ਹੋਰ ਅਹਿਮ ਭੂਮਿਕਾ ਨਿਭਾਏਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande