
ਚੰਡੀਗੜ੍ਹ, 13 ਅਕਤੂਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮਾਨਸਾ ਵਿਚ ਇਕ ਨੌਜਵਾਨ ਦੀ ਨਸ਼ੇ ਖਿਲਾਫ ਅਵਾਜ ਉਠਾਉਣ ਤੇ ਕੀਤੇ ਗਏ ਕਤਲ ਤੇ ਤਿੱਖੀ ਪ੍ਰਤਿਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਮਾਫੀਆਂ ਪੂਰੀ ਤਰਾਂ ਸਰਕਾਰ ਦੇ ਨਿਯੰਤਰਣ ਤੋਂ ਬਾਹਰ ਹੋ ਗਿਆ ਹੈ ਜਾਂ ਸਰਕਾਰ ਨੇ ਆਪਣੇ ਆਪ ਨੂੰ ਸਿਰਫ ਉਗਰਾਹੀ ਤੱਕ ਸੀਮਤ ਕਰ ਲਿਆ ਅਤੇ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਮਾਨਸਾ ਦੀ ਘਟਨਾ ਇਕ ਇੱਕਲੀ ਘਟਨਾ ਨਹੀਂ ਹੈ। ਅਜਿਹਾ ਹੀ ਅਬੋਹਰ ਵਿਚ ਵੀ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਮੁੱਖ ਮੰਤਰੀ ਨੂੰ ਨਸ਼ੇ ਖਿਲਾਫ ਕਾਲੀ ਝੰਡੀ ਵਿਖਾਉਣ ਤੇ ਹੀ ਪੁਲਿਸ ਨਸ਼ੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਵਿਰੋਧ ਕਰਨ ਵਾਲੇ ਤੇ ਜਬਰ ਕਰੇ, ਜਦੋਂ ਮੰਤਰੀ ਕੋਲ ਨਸ਼ੇ ਦਾ ਸੱਚ ਦੱਸਣ ਵਾਲੇ ਨੂੰ ਆਤਮ ਹੱਤਿਆ ਕਰਨੀ ਪਵੇ ਤਾਂ ਫਿਰ ਨਸ਼ੇ ਖਿਲਾਫ ਅਵਾਜ ਉਠਾਉਣ ਵਾਲਿਆਂ ਦੀ ਅਵਾਜ ਕੌਣ ਸੁਣੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਇਹ ਰਾਜ ਵਿਚ ਅਮਨ ਕਾਨੂੰਨ ਅਤੇ ਨਸ਼ੇ ਦੇ ਵਿਕਰਾਲ ਰੂਪ ਦੀ ਪ੍ਰਤੱਖ ਉਦਾਹਰਨ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਦਿਨੀ ਡੀਜੀਪੀ ਨੇ ਖੁਦ ਮੰਨਿਆ ਸੀ ਕਿ ਰਾਜ ਵਿਚ ਮੈਡੀਕਲ ਨਸ਼ਾ ਵੱਧ ਰਿਹਾ ਹੈ ਤਾਂ ਫਿਰ ਇਸ ਨੂੰ ਰੋਕਣ ਲਈ ਸਰਕਾਰ ਦੀ ਕਾਰਗੁਜਾਰੀ ਦਿਖਾਈ ਕਿਉਂ ਨਹੀਂ ਦਿੰਦੀ। ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ, “ਮਾਨਸਾ ਵਿਚ ਨਸ਼ੇ ਖਿਲਾਫ ਅਵਾਜ਼ ਉਠਾਉਣ ਵਾਲੇ ਨੌਜਵਾਨ ਦੇ ਕਤਲ ਨੇ ਇਕ ਵਾਰ ਫਿਰ ਮਾਨ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦਾ ਸੱਚ ਉਜਾਗਰ ਕਰ ਦਿੱਤਾ ਹੈ। ਪਿੱਛਲੇ ਦਿਨੀ ਡੀਜੀਪੀ ਨੇ ਵੀ ਮੰਨਿਆ ਸੀ ਕਿ ਪੰਜਾਬ ਵਿਚ ਮੈਡੀਕਲ ਨਸ਼ਾ ਵੱਧ ਰਿਹਾ ਹੈ ਤਾਂ ਫਿਰ ਇਸ ਨੂੰ ਰੋਕਣ ਲਈ ਸਰਕਾਰ ਦੇ ਕੀ ਕਦਮ ਰਹੇ ਹਨ ਤੇ ਕਿੰਨਾਂ ਮੈਡੀਕਲ ਨਸ਼ਾ ਫੜਿਆਂ ਗਿਆ, ਲੋਕ ਇਹ ਜਾਨਣਾ ਚਾਹੁੰਦੇ ਹਨ।
ਕੀ ਮੈਡੀਕਲ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਡਰੱਗ ਇੰਸਪੈਕਟਰਾਂ ਦੀ ਨਹੀਂ, ਜਾਂ ਉਨ੍ਹਾਂ ਦੀ ਡਿਊਟੀ ਸਿਰਫ਼ ਦਿੱਲੀ ਤੋਂ ਆਏ ਧਾੜਵੀਆਂ ਲਈ ਉਗਰਾਹੀ ਕਰਨ ਤੱਕ ਹੀ ਸੀਮਤ ਰਹਿ ਗਈ ਹੈ। ਭਗਵੰਤ ਮਾਨ ਭਾਵੇਂ ਤੁਸੀਂ ਕਾਗਜੀ ਮੁੱਖ ਮੰਤਰੀ ਹੀ ਹੋ, ਪਰ ਪੰਜਾਬ ਪ੍ਰਤੀ ਜਵਾਬਦੇਹੀ ਤਾਂ ਤੁਹਾਡੀ ਹੀ ਬਣਦੀ ਹੈ।“
ਹਿੰਦੂਸਥਾਨ ਸਮਾਚਾਰ / GURSHARAN SINGH