
ਸਮਰਾਲਾ, 05 ਮਾਰਚ (ਹਿੰ.ਸ.)। ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਦੋ ਨੌਜਵਾਨਾਂ ਦੀ ਸਮਰਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਵਰੀਤ ਸਿੰਘ (21) ਪੁੱਤਰ ਹਰਜਿੰਦਰ ਸਿੰਘ ਤੇ ਕਰਨਵੀਰ ਸਿੰਘ ਪੁੱਤਰ ਜਗਦੀਸ਼ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਦੇਰ ਰਾਤ ਕਾਰ ਰਾਹੀਂ ਚੰਡੀਗੜ੍ਹ ਵੱਲ ਜਾ ਰਹੇ ਸਨ ਤਾਂ ਸਮਰਾਲਾ ਨੇੜੇ ਕਾਰ ਅਚਾਨਕ ਡਿਵਾਈਡਰ 'ਤੇ ਚੜ੍ਹ ਗਈ। ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਦੂਰ ਖੇਤਾਂ ਜਾ ਡਿੱਗੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਨੇ ਚੰਡੀਗੜ੍ਹ ਤੋਂ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਜਾਣਾ ਸੀ ਪਰੰਤੂ ਰਸਤੇ ਵਿਚ ਭਿਆਨਕ ਹਾਦਸਾ ਵਾਪਰ ਗਿਆ। ਨੌਜਵਾਨਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਦੇ ਅੰਦਰ ਸੋਗ ਦੀ ਲਹਿਰ ਦੌੜ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ